ਸੁਫ਼ਨਿਆਂ ਦਾ ਆਸ਼ਿਆਨਾ ਖਰੀਦਣ ਲਈ ਜੁੜੇ ਲੋਕ
ਮੁਕੇਸ਼ ਕੁਮਾਰ
ਚੰਡੀਗੜ੍ਹ, 1 ਮਾਰਚ
ਸ਼ਹਿਰ ਵਿੱਚ ਤਿੰਨ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ 2024’ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਸੈਕਟਰ-34 ਸਥਿਤ ਪ੍ਰਦਰਸ਼ਨੀ ਮੈਦਾਨ ਵਿੱਚ ਸ਼ੁਰੂ ਹੋਏ ਇਸ ਐਕਸਪੋ ਦਾ ਉਦਘਾਟਨ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਦਿ ਟ੍ਰਿਬਿਊਨ’ ਸਮੂਹ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਚੰਡੀਗੜ੍ਹ ਨੂੰ ਨਿਵੇਸ਼ ਲਈ ਸਭ ਤੋਂ ਵਧੀਆ ਮਾਰਕੀਟ ਦੱਸਦੇ ਹੋਏ ਮੁੱਖ ਮਹਿਮਾਨ ਸ੍ਰੀ ਵਰਮਾ ਨੇ ਕਿਹਾ ਕਿ ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ’ ਵਿੱਚ ਇੱਕੋ ਛੱਤ ਹੇਠ ਦਿੱਲੀ-ਐੱਨਸੀਆਰ ਤੋਂ ਲੈ ਕੇ ਟਰਾਈਸਿਟੀ ਤੱਕ ਦੀਆਂ ਰੀਅਲ ਐਸਟੇਟ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਹ ਐਕਸਪੋ ਗਾਹਕਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਗਾਹਕਾਂ ਅਤੇ ਕੰਪਨੀਆਂ ਨੂੰ ਇੱਕ-ਦੂਜੇ ਨੂੰ ਸਮਝਣ ਦਾ ਮੌਕਾ ਮਿਲੇ। ਅੱਜ ਤੋਂ ਸ਼ੁਰੂ ਹੋਏ ਇਸ ਐਕਸਪੋ ਵਿੱਚ ਸਵੇਰ ਤੋਂ ਹੀ ਮਕਾਨਾਂ ਅਤੇ ਹੋਰ ਕਾਰੋਬਾਰੀ ਥਾਵਾਂ ਦੀ ਖਰੀਦ ਸਬੰਧੀ ਜਾਣਕਾਰੀ ਲੈਣ ਲਈ ਲੋਕਾਂ ਦੀ ਭੀੜ ਲੱਗੀ ਰਹੀ। ਇੱਥੇ ਸੈਕਟਰ 34 ਵਿੱਚ ਸ਼ੁਰੂ ਹੋਏ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ 2024’ ਵਿੱਚ ਵੱਡੀਆਂ ਰੀਅਲ ਐਸਟੇਟ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਐਕਸਪੋ ਵਿੱਚ ਪਹੁੰਚੇ ਓਮੈਕਸ ਦੇ ਮੀਤ ਪ੍ਰਧਾਨ ਅਭਿਸ਼ੇਕ ਮਿੱਤਲ ਨੇ ਕਿਹਾ ਕਿ ਐਕਪਸੋ ਵਿੱਚ ਪੁੱਜੇ ਲੋਕ ਆਪਣੇ ਲਈ ਮਕਾਨ ਲੱਭਣ ਦੇ ਨਾਲ-ਨਾਲ ਕਾਰੋਬਾਰੀ ਥਾਵਾਂ ਬਾਰੇ ਵੀ ਜਾਣਕਾਰੀ ਲੈ ਰਹੇ ਹਨ। ਨਿਊ ਚੰਡੀਗੜ੍ਹ ਵਿੱਚ ਪ੍ਰਾਜੈਕਟ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅੱਠ ਸੂਬਿਆਂ ਵਿੱਚ 29 ਥਾਵਾਂ ’ਤੇ ਪ੍ਰਾਜੈਕਟ ਹਨ।
‘ਦਿ ਜ਼ੀਰਕ’ ਦੇ ਸਹਾਇਕ ਮੈਨੇਜਰ ਆਕਾਸ਼ ਸਿੰਘਲ ਨੇ ਜ਼ੀਰਕਪੁਰ-ਪਟਿਆਲਾ ਹਾਈਵੇਅ ’ਤੇ ਬਣ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਟਰਾਈਸਿਟੀ ਦੇ ਲੋਕ ਵੀ ਸੁਸਾਇਟੀ ਸਭਿਆਚਾਰ ਮੁਤਾਬਕ ਫਲੈਟ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ‘ਕੀਜ਼ ਮਲਟੀਪਲੇਅਰ’ ਦੇ ਸਹਿ-ਸੰਸਥਾਪਕ ਗੌਰਵ ਸ਼ਰਮਾ, ‘ਹੈਮਪਟਨ ਸਕਾਈ ਰਿਐਲਿਟੀ ਲਿਮਿਟਡ’ ਦੇ ਸੇਲਜ਼ ਹੈੱਡ ਨਕੁਲ ਅਰੋੜਾ, ਭੂਟਾਨੀ ਇਨਫਰਾ ਦੇ ਗਗਨ ਤੇ ਰਾਜੀਵ ਜਾਂ ਜੇਐੱਲਪੀਐੱਲ ਦੇ ਅਰਵਿੰਦ ਕੇਸਰੀ ਨੇ ਦੱਸਿਆ ਕਿ ਐਕਸਪੋ ਦੇ ਪਹਿਲੇ ਦਿਨ ਤੋਂ ਹੀ ਪ੍ਰਾਪਰਟੀ ਖਰੀਦਣ ਦੇ ਚਾਹਵਾਨ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਰਿਹਾਇਸ਼ੀ ਤੇ ਵਪਾਰਕ ਥਾਵਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ।