For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੇ ਦੀਵੇ ਬਾਲ ਕੇ ਮਨਾਈ ਦੀਵਾਲੀ

09:39 AM Nov 14, 2023 IST
ਲੋਕਾਂ ਨੇ ਦੀਵੇ ਬਾਲ ਕੇ ਮਨਾਈ ਦੀਵਾਲੀ
ਬਠਿੰਡਾ ਦੇ ਕਿਲ੍ਹਾ ਮੁਬਾਰਕ ਵਿੱਚ ਦੀਵਾਲੀ ਮੌਕੇ ਦੀਵੇ ਜਗਾਉਂਦੇ ਹੋਏ ਲੋਕl ਫੋਟੋ: ਪਵਨ ਸ਼ਰਮਾ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 13 ਨਵੰਬਰ
ਇਸ ਵਾਰ ਲੋਕਾਂ ਨੇ ਜਿੱਥੇ ਚੀਨੀ ਸਾਮਾਨ ਖਰੀਦਣ ਤੋਂ ਗੁਰੇਜ਼ ਕੀਤਾ, ਉੱਥੇ ਹਿੰਦੋਸਤਾਨੀ ਸਾਮਾਨ ਵਰਤਣ ਨੂੰ ਤਰਜੀਹ ਦਿੱਤੀ। ਸਮਾਜ ਸੇਵੀ ਸੰਸਥਾਵਾਂ ਸਮੇਤ ਅਨੇਕਾਂ ਬੁੱਧੀਜੀਵੀਆਂ, ਵਿੱਦਿਅਕ ਅਦਾਰਿਆਂ ਤੇ ਦੇਸ਼ ਪ੍ਰੇਮੀਆਂ ਵੱਲੋਂ ਚੀਨੀ ਸਾਮਾਨ ਤੇ ਖਾਸ ਕਰਕੇ ਬਜਿਲਈ ਲੜੀਆਂ ਅਤੇ ਪਟਾਕਿਆਂ ਦਾ ਨਾ ਪ੍ਰਯੋਗ ਕੀਤੇ ਜਾਣ ਦਾ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਦਿੱਤੇ ਗਏ ਸੱਦੇ ਨੂੰ ਵੱਡੀ ਗਿਣਤੀ ’ਚ ਕਬੂਲਦਿਆਂ ਲੋਕਾਂ ਨੇ ਆਪਣੇ ਦੇਸ਼ ਪ੍ਰਤੀ ਪ੍ਰੇਮ ਭਾਵਨਾ ਦਾ ਸਬੂਤ ਦਿੱਤਾ। ਸੱਭਿਆਚਾਰ ਅਤੇ ਸਮਾਜ ਸੇਵਾ ਮੰਚ ਦੇ ਆਗੂ ਰਾਕੇਸ਼ ਗਰਗ ਅਤੇ ਸੰਜੀਵ ਜਿੰਦਲ ਨੇ ਕਿਹਾ ਕਿ ਇਸ ਤੋਂ ਬਿਨਾਂ ਪਹਿਲਾਂ ਲੰਘੇ ਦੀਵਾਲੀ ਦੇ ਤਿਉਹਾਰਾਂ ਦੇ ਮੁਕਾਬਲੇ ਇਸ ਵਾਰ ਪਟਾਕੇ ਘੱਟ ਚਲਾਏ ਜਾਣ ’ਤੇ ਬਜਿਲਈ ਲੜੀਆਂ ਦੀ ਥਾਂ ਤੇਲ ਤੇ ਘਿਓ ਦੇ ਦੀਵੇ ਬਾਲੇ ਜਾਣ ਕਾਰਨ ਵਾਤਾਵਰਨ ਵਧੇਰੇ ਦੂਸ਼ਿਤ ਹੋਣ ਤੋਂ ਬਚਾਅ ਰਿਹਾ।
ਭੁੱਚੋ ਮੰਡੀ (ਪਵਨ ਗੋਇਲ): ਰੋਸ਼ਨੀਆਂ ਦੇ ਤਿਉਹਾਰ ਮੌਕੇ ਸ਼ਹਿਰ ਵਾਸੀਆਂ ਨੇ ਦੀਵਿਆਂ ਅਤੇ ਬਜਿਲਈ ਲੜੀਆਂ ਨਾਲ ਸ਼ਹਿਰ ਨੂੰ ਰੋਸ਼ਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਔਰਤਾਂ ਨੇ ਮਿੱਟੀ ਦੇ ਦੀਵਿਆਂ ਨੂੰ ਤਰਜੀਹ ਦਿੰਦਿਆਂ ਆਪਣੇ ਘਰਾਂ ਅੰਦਰ ਅਤੇ ਬਾਹਰ ਮਿੱਟੀ ਦੇ ਦੀਵੇ ਬਾਲੇ। ਇਨ੍ਹਾਂ ਸਰ੍ਹੋਂ ਦੇ ਤੇਲ ਵਾਲੇ ਦੀਵਿਆਂ ਦੀ ਲੋਅ ਮਨ ਨੂੰ ਸਕੂਨ ਅਤੇ ਵਾਤਾਵਰਨ ਨੂੰ ਸ਼ੁੱਧਤਾ ਪ੍ਰਦਾਨ ਕਰ ਰਹੀ ਸੀ। ਸ਼ਹਿਰ ਵਾਸੀਆਂ ਨੇ ਘਰਾਂ ਵਿੱਚ ਲਕਸ਼ਮੀ ਮਾਤਾ ਦੀ ਪੂਜਾ ਕੀਤੀ। ਸ਼ਰਧਾਲੂਆਂ ਨੇ ਗੁਰਦੁਆਰਿਆਂ ਵਿੱਚ ਦੀਪਮਾਲਾ ਕੀਤੀ। ਲੋਕਾਂ ਨੇ ਨਜ਼ਦੀਕੀਆਂ ਨੂੰ ਮਠਿਆਈਆਂ ਵੰਡੀਆਂ।
ਸ਼ਹਿਣਾ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡਾਂ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਕਾਫੀ ਭੀੜ ਰਹੀ। ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਅੰਮ੍ਰਿਤ ਸਿੰਘ ਨੇ ਦੀਵਾਲੀ ਮੌਕੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਕਿਸੇ ਵੀ ਪਾਸਿਓਂ ਕਿਸੇ ਅਣਸੁਖਾਵੀਂ ਘਟਨਾ ਦਾ ਕੋਈ ਸਮਾਚਾਰ ਨਹੀਂ ਹੈ।
ਸਮਾਲਸਰ (ਪੱਤਰ ਪ੍ਰੇਰਕ): ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਜਮਾਤ ਦੀ ਸਜਾਵਟ, ਰੰਗੋਲੀ, ਕਾਰਡ, ਦੀਵਾ ਅਤੇ ਥਾਲੀ ਸਜਾਉਣਾ ਸ਼ਾਮਲ ਸਨ। ਇਹ ਮੁਕਾਬਲੇ ਵੱਖ-ਵੱਖ ਜਮਾਤਾਂ ਅਤੇ ਸਕੂਲ ਵਿੱਚ ਚੱਲ ਰਹੇ ਸ਼ਹੀਦ ਭਗਤ ਸਿੰਘ, ਰਾਬਿੰਦਰਨਾਥ ਟੈਗੋਰ, ਸਵਾਮੀ ਵਿਵੇਕਾਨੰਦ ਤੇ ਕਲਪਨਾ ਚਾਵਲਾ ਹਾਊਸ ਵਿੱਚ ਹੋਏ। ਇਸ ਮੌਕੇ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ ਨੇ ਸਟਾਫ਼ ਮੈਂਬਰਾਂ ਨੂੰ ਤੋਹਫ਼ੇ ਦਿੰਦਿਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ।

Advertisement

ਸਿਰਸਾ: ਹਵਾ ਦਾ ਪੱਧਰ ਮੁੜ ਹੇਠਾਂ ਡਿੱਗਿਆ

ਸਿਰਸਾ: ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਾਵੇਂ ਗਰੀਨ ਦੀਵਾਲੀ ਮਨਾਏ ਜਾਣ ਲਈ ਪ੍ਰਚਾਰ ਕੀਤਾ ਗਿਆ ਤੇ ਪਟਾਕੇ ਨਾ ਚਲਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਲੋਕਾਂ ਨੇ ਸਿਰਸਾ ’ਚ ਖੂਬ ਪਟਾਕੇ ਚਲਾਏ ਜਿਸ ਨਾਲ ਮੁੜ ਤੋਂ ਹਵਾ ਦੀ ਗੁਣਵੱਤਾ ਹੇਠਲੇ ਪੱਧਰ ’ਤੇ ਚਲੀ ਗਈ ਹੈ। ਹਵਾ ਦੀ ਗੁਣਵਤਾ ਖਰਾਬ ਹੋਣ ਕਾਰਨ ਬਿਰਧ ਵਿਅਕਤੀਆਂ ਤੇ ਸਾਹ ਦੇ ਰੋਗੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਏ ਜਾਣ ਲਈ ਕੀਤੇ ਗਏ ਜਾਗਰੂਕ ਦਾ ਲੋਕਾਂ ’ਤੇ ਕੋਈ ਅਸਰ ਨਹੀਂ ਵੇਖਣ ਨੂੰ ਮਿਲਿਆ। ਦੀਵਲੀ ਦੀ ਰਾਤ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ ਦੀਆਂ ਨਾ ਸਿਰਫ ਸ਼ਰ੍ਹੇਆਮ ਧੱਜੀਆਂ ਉਡਾਈਆਂ ਬਲਕਿ ਅੱਧੀ ਰਾਤ ਤੋਂ ਮਗਰੋਂ ਤੱਕ ਖੂਬ ਪਟਾਕੇ ਚਲਾ ਕੇ ਪ੍ਰਦੂਸ਼ਣ ’ਚ ਹੋਰ ਵਾਧਾ ਕਰਨ ਦਾ ਕੰਮ ਕੀਤਾ। ਦੂਜੇ ਪਾਸੇ ਕਿਸਾਨਾਂ ਵੱਲੋਂ ਐਤਕੀਂ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਹੀ ਘੱਟ ਵੇਖਣ ਨੂੰ ਮਿਲੀਆਂ ਹਨ। ਕਿਸਾਨ ਸੁਪਰਸੀਡਰ ਨਾਲ ਪਰਾਲੀ ’ਚ ਹੀ ਕਣਕ ਦੀ ਬੀਜਾਈ ਨੂੰ ਪਹਿਲ ਦੇ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×