ਦੁਕਾਨਦਾਰ ਨੂੰ ਲੁੱਟਣ ਆਇਆ ਇਕ ਨੌਜਵਾਨ ਲੋਕਾਂ ਨੇ ਫੜਿਆ
ਹਰਜੀਤ ਸਿੰਘ
ਖਨੌਰੀ, 8 ਅਗਸਤ
ਖਨੌਰੀ ਵਿੱਚ ਦਿਨ ਦਿਹਾੜੇ ਪਿਸਤੌਲ ਦਿਖਾ ਕੇ ਇੱਕ ਦੁਕਾਨਦਾਰ ਨੂੰ ਲੁੱਟਣ ਆਏ ਦੋ ਲੁਟੇਰਿਆਂ ’ਚੋਂ ਇੱਕ ਨੂੰ ਇਕੱਠੇ ਹੋਏ ਲੋਕਾਂ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ ਜਦੋਂ ਕਿ ਦੂਜਾ ਪਿਸਤੌਲ ਸਮੇਤ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਪੁਲੀਸ ਹਵਾਲੇ ਕਰ ਦਿੱਤਾ ਹੈ ਅਤੇ ਪੁਲੀਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ ਢਾਈ ਵਜੇ ਦੋ ਲੁਟੇਰੇ ਇਥੇ ਨਰਵਾਣਾ ਰੋਡ ’ਤੇ ਸਥਿਤ ਵਿਸ਼ਵਕਰਮਾ ਹਾਰਡਵੇਅਰ ਦੀ ਦੁਕਾਨ ’ਚ ਰੰਗ ਲੈਣ ਦੇ ਬਹਾਨੇ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਨੂੰ ਨਕਦੀ ਕੱਢਣ ਦੀ ਧਮਕੀ ਦਿੱਤੀ ਤਾਂ ਦੁਕਾਨਦਾਰ ਫੁਰਤੀ ਵਿਖਾਉਂਦਿਆਂ ਉਨ੍ਹਾਂ ਦੇ ਪਿੱਛੇ ਪੈ ਗਿਆ ਅਤੇ ਰੌਲਾ ਪਾਉਣ ’ਤੇ ਮੌਕੇ ’ਤੇ ਲੋਕ ਇਕੱਠੇ ਹੋ ਗਏ। ਲੁਟੇਰਿਆਂ ਦਾ ਪਿੱਛਾ ਕਰਦਿਆਂ ਲੋਕਾਂ ਨੇ ਇੱਕ ਨੂੰ ਫੜ ਲਿਆ ਜਦੋਂ ਕਿ ਦੂਜਾ ਪਿਸਤੌਲ ਸਮੇਤ ਭੱਜਣ ਵਿਚ ਸਫ਼ਲ ਹੋ ਗਿਆ। ਦੁਕਾਨ ਮਾਲਕ ਸੱਤਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਲੋਕਾਂ ਵਲੋਂ ਕਾਬੂ ਕੀਤੇ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਹੈ। ਦੁਕਾਨਦਾਰ ਅਨੁਸਾਰ ਪੁਲੀਸ ਹਵਾਲੇ ਕੀਤੇ ਵਿਅਕਤੀ ਨੇ ਆਪਣਾ ਪਤਾ ਜ਼ਿਲ੍ਹਾ ਜੀਂਦ (ਹਰਿਆਣਾ) ਦਾ ਕੋਈ ਪਿੰਡ ਦੱਸਿਆ ਹੈ। ਪੁਲੀਸ ਥਾਣਾ ਖਨੌਰੀ ਦੇ ਐਸ.ਐਚ.ਓ. ਸੌਰਵ ਸੱਭਰਵਾਲ ਦਾ ਕਹਿਣਾ ਹੈ ਕਿ ਘਟਨਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਹੋਏ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।