For the best experience, open
https://m.punjabitribuneonline.com
on your mobile browser.
Advertisement

ਲੋਕ ਸੇਵਾ ਲਈ ਹੀ ਸਿਆਸਤ ਵਿੱਚ ਆਇਆਂ: ਖੁੱਡੀਆਂ

11:00 AM Apr 21, 2024 IST
ਲੋਕ ਸੇਵਾ ਲਈ ਹੀ ਸਿਆਸਤ ਵਿੱਚ ਆਇਆਂ  ਖੁੱਡੀਆਂ
ਮਾਨਸਾ ਜ਼ਿਲ੍ਹੇ ਦੇ ਪਿੰਡ ’ਚ ਲੋਕਾਂ ਨੂੰ ਮਿਲਦੇ ਹੋਏ ਗੁਰਮੀਤ ਸਿੰਘ ਖੁੱਡੀਆਂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਪਰੈਲ
ਬਠਿੰਡਾ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕਾਂ ਦੀ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ ਅਤੇ ਸਿਆਸੀ ਪਾਰਟੀਆਂ ਫ਼ਿਰਕੂ ਤਰੀਕਿਆਂ ਨਾਲ, ਜੋ ਮਰਜ਼ੀ ਚਾਲਾਂ ਚੱਲਣ, ਪਰ ਪੰਜਾਬ ਦੇ ਬਹਾਦਰ ਲੋਕ ਆਪਣੀ ਭਾਈਚਾਰਕ ਸਾਂਝ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਵਿਰਸੇ ਵਿੱਚ ਇਹ ਗੁਣ ਭਰਿਆ ਹੋਇਆ ਹੈ ਕਿ ਉਨ੍ਹਾਂ ਨੇ ਵੰਡੀਆਂ ਪਾ ਕੇ ਵੋਟਾਂ ਹਾਸਲ ਕਰਨ ਵਾਲਿਆਂ ਨੂੰ ਸਦਾ ਬਾਹਰ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਵਾਰ ਹਰਸਿਮਰਤ ਕੌਰ ਬਾਦਲ ਦਾ ‘ਜਾਦੂ’ ਲੋਕ ਨਹੀਂ ਚੱਲਣ ਦੇਣਗੇ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਨ ਵਾਲਿਆਂ ਦੀ ਭਾਜੀ ਲੋਕ ਮੋੜ ਦੇਣਗੇ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਚਰਦਿਆਂ ਜਨਤਕ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵਿੱਚ ਪਿਛਲੇ 60 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਸਿਆਸਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਿਆਸਤ ਨੂੰ ਲੋਕ ਸੇਵਾ ਸਮਝ ਕੇ ਕੰਮ ਕੀਤਾ ਹੈ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੌਸਲੇ ਅਤੇ ਉਤਸ਼ਾਹ ਨੇ ਪਹਿਲਾਂ ਹਲਕਾ ਲੰਬੀ ਦੇ ਲੋਕਾਂ ਨੇ ਸਿਆਸਤ ਦੇ ਬਾਬਾ ਬੋਹੜ ਆਖੇ ਜਾਂਦੇ, ਪੰਜ ਵਾਰ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਖੁੱਡੀਆਂ ਦੀ ਝੋਲੀ ਜਿੱਤ ਪਾਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ’ਤੇ ਵਿਸ਼ਵਾਸ਼ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਅੰਦਰੋ-ਅੰਦਰੀਂ ਭੈਅ ਖਾ ਰਹੀਆਂ ਹਨ।
‘ਆਪ’ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੇ ਜਿੰਨੀ ਵੱਡੀ ਲੀਡ ਨਾਲ ਜਿਤਾਇਆ ਅਤੇ ਹੁਣ ਲੋਕ ਸਭਾ ਚੋਣਾਂ ’ਚ ਉਹ ਹੋਰ ਵੀ ਵੱਡੀ ਲੀਡ ਸਥਾਪਿਤ ਕਰਨਗੇ। ਉਨ੍ਹਾਂ ਕਿਹਾ ਕਿ ਬੁਢਲਾਡਾ ਹਲਕੇ ਦੇ ਹਰ ਪਿੰਡ ਨੂੰ ਕਿਸੇ ਨਾਂ ਕਿਸੇ ਸਾਂਝੇ ਕੰਮ ਲਈ ਗਰਾਂਟ ਜਾਰੀ ਕਰਵਾਈ ਹੈ ਅਤੇ ਪਿੰਡਾਂ ਵਿੱਚ ਵਿਕਾਸ ਕਾਰਜ ਜਾਰੀ ਹਨ ਅਤੇ ਜਾਰੀ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ, ਸੋਹਣਾ ਸਿੰਘ ਕਲੀਪੁਰ, ਰਾਕੇਸ਼ ਪੁਰੀ, ਬਲਵਿੰਦਰ ਸਿੰਘ ਔਲਖ, ਗੁਰਦਰਸ਼ਨ ਸਿੰਘ ਪਟਵਾਰੀ, ਵੀਰ ਸਿੰਘ ਬੋੜਾਵਾਲ, ਰਮਨ ਗੁੜੱਦੀ, ਸੁਭਾਸ਼ ਨਾਗਪਾਲ, ਪਰਮਜੀਤ ਕੌਰ, ਮੰਜੂ ਰਾਣੀ, ਚਰਨਜੀਤ ਕੌਰ, ਹਾਕਮ ਸਿੰਘ ਵੀ ਮੌਜੂਦ ਸਨ।

Advertisement

ਖੁੱਡੀਆਂ ਨੂੰ ਝੱਲਣਾ ਪੈ ਸਕਦੈ ਕਿਸਾਨਾਂ ਦਾ ਵਿਰੋਧ

ਨਥਾਣਾ (ਭਗਵਾਨ ਦਾਸ ਗਰਗ): ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸਿੰਗਾਰਾ ਸਿੰਘ ਨੇ ਖੇਤੀ ਮੰਤਰੀ ਦੇ ਪੁੱਤਰ ਸੁਮੀਤ ਸਿੰਘ ਨੂੰ ਇਸ ਖੇਤਰ ਦੇ ਪਿੰਡਾਂ ਵਿੱਚ ਆਉਣ ਸਮੇਂ ਕਿਸਾਨਾਂ ਦੀਆਂ ਮੰਗਾਂ ਅਤੇ ਇਨ੍ਹਾਂ ਬਾਰੇ ਮੰਤਰੀ ਨਾਲ ਹੋਈਆਂ ਮੀਟਿੰਗ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੀਟਿੰਗਾਂ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ। ਕਿਸਾਨ ਚਾਰ ਅਪਰੈਲ ਤੋਂ ਡੀਸੀ ਬਠਿੰਡਾ ਦੇ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਹਨ ਪਰ ਡੀਸੀ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਸੁਮੀਤ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਖੇਤੀ ਮੰਤਰੀ ਨੂੰ ਜਾਣਕਾਰੀ ਦੇਣਗੇ। ਕਿਸਾਨ ਆਗੂਆਂ ਕਿਹਾ ਜੇ ਮੰਗਾਂ ਪ੍ਰਵਾਨ ਨਾ ਹੋਈਆਂ ਤਾਂ ‘ਆਪ’ ਉਮੀਦਵਾਰ ਵਿਰੋਧ ਲਈ ਤਿਆਰ ਰਹਿਣ।

Advertisement
Author Image

sukhwinder singh

View all posts

Advertisement
Advertisement
×