ਲੋਕਾਂ ਨੇ ਇਨਸਾਫ ਲਈ ਸ਼ਹਿਰ ’ਚ ਫਲੈਕਸ ਲਾਏ
ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਗਸਤ
ਇੱਥੋਂ ਨੇੜਲੇ ਪਿੰਡ ਰਸੂਲਪੁਰ ਜੌੜਾ ਵਿੱਚ ਤਕਰੀਬਨ ਮਹੀਨਾ ਪਹਿਲਾਂ ਵਾਪਰੇ ਗੋਲੀ ਕਾਂਡ ਸਬੰਧੀ ਅੱਜ ਸ਼ਹਿਰ ’ਚ ਫਲੈਕਸ ਅਤੇ ਹੋਰ ਬੈਨਰ ਲਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਸਬੰਧੀ ਬਣਾਈ ਗਈ ਇਨਸਾਫ਼ ਕਮੇਟੀ ਨੇ ਕਿਹਾ ਕਿ ਮੁੱਖ ਮੁਲਜ਼ਮ ਰਣਜੋਧ ਸਿੰਘ ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਸਿੰਘ ਘਨੌਰ ਦੀ ਭੂਆ ਦਾ ਪੁੱਤਰ ਹੋਣ ਕਰਕੇ ਹੁਣ ਤੱਕ ਗ੍ਰਿਫਤਾਰੀ ਤੋਂ ਬਚਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਲੜਾਈ 27 ਜੁਲਾਈ ਨੂੰ ਹੋਈ ਸੀ। ਦੋਵੇਂ ਧਿਰਾਂ ਹੀ ‘ਆਪ’ ਨਾਲ ਸਬੰਧਤ ਹਨ।
ਇਸ ਦੌਰਾਨ ਸਾਬਕਾ ਸਰਪੰਚ ਲਖਵਿੰਦਰ ਸਿੰਘ ਲੱਖਾ ਦਾ ਪੁੱਤਰ ਗੁਰਸੇਵਕ ਸਿੰਘ ਅਤੇ ਕੁੱਝ ਹੋਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ। ਇਸ ਸਬੰਧੀ ਪੁਲੀਸ ਨੇ ਵਿਧਾਇਕ ਦੇ ਰਿਸ਼ਤੇਦਾਰੀ ’ਚ ਭਰਾ ਰਣਜੋਧ ਸਿੰਘ ਸਮੇਤ 14 ਜਣਿਆਂ ਦੇ ਨਾਮ ਸ਼ਾਮਲ ਕਰਦਿਆਂ ਕੇਸ ਦਰਜ ਕੀਤਾ ਸੀ। ਇਰਾਦਾ ਕਤਲ ਦੇ ਇਸ ਕੇਸ ’ਚ ਬਾਕੀਆਂ ਨੂੰ ਅਣਪਛਾਤਿਆਂ ਵਜੋਂ ਸ਼ਾਮਲ ਕੀਤਾ ਗਿਆ ਹੈ। 12 ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਉਧਰ ਇਨਸਾਫ਼ ਕਮੇਟੀ ਦੇ ਪ੍ਰਮੁੱਖ ਮੈਂਬਰ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਇਸ ਰੋਸ ਪ੍ਰਦਰਸ਼ਨ ’ਚ ਵਧੇਰੇ ਕਰਕੇ ‘ਆਪ’ ਦੇ ਵਰਕਰ ਸ਼ਾਮਲ ਰਹੇ। ਉਨ੍ਹਾਂ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਹ 15 ਅਗਸਤ ਨੂੰ ਮੁੱਖ ਮੰਤਰੀ ਨੂੰ ਵੀ ਮਿਲਣਗੇ।