ਲੋਕਾਂ ਨੇ 2014 ’ਚ ਲਿਆਂਦਾ ਸੀ ਬਦਲਾਅ: ਮੋਦੀ
ਨਵੀਂ ਦਿੱਲੀ, 27 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਖ਼ਿਲਾਫ਼ ਹਮਲਾ ਕਰਦਿਆਂ ਸਾਲ 2014 ਨੂੰ ਸਿਰਫ਼ ਇਕ ਤਰੀਕ ਨਹੀਂ ਸਗੋਂ ਬਦਲਾਅ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਉਦੋਂ ਲੋਕਾਂ ਨੇ ਪੁਰਾਣੇ ਬਟਨਾਂ ਤੇ ਖਰਾਬ ਸਕਰੀਨ ਵਾਲੇ ਫੋਨ ਵਾਂਗ ਤਤਕਾਲੀ ਸਰਕਾਰ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਐੱਨਡੀਏ ਦੀ ਸਰਕਾਰ ਨੂੰ ਮੌਕਾ ਦਿੱਤਾ।
ਪ੍ਰਧਾਨ ਮੰਤਰੀ ਨੇ ਇਥੇ ਇੰਡੀਆ ਮੋਬਾਈਲ ਕਾਂਗਰਸ ’ਚ ਆਪਣੇ ਸੰਬੋਧਨ ’ਚ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਭਾਰਤ ਦਰਾਮਦ ਤੋਂ ਮੋਬਾਈਲ ਫੋਨਾਂ ਦਾ ਬਰਾਮਦਕਾਰ ਬਣ ਗਿਆ ਹੈ ਅਤੇ ਐਪਲ ਤੋਂ ਲੈ ਕੇ ਗੂਗਲ ਤੱਕ ਵੱਡੀਆਂ ਕੰਪਨੀਆਂ ਦੇਸ਼ ’ਚ ਉਤਪਾਦਨ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 5ਜੀ ਮੋਬਾਈਲ ਸੇਵਾਵਾਂ ਤੇਜ਼ੀ ਨਾਲ ਲਾਗੂ ਕਰਨ ਤੋਂ ਬਾਅਦ ਭਾਰਤ ’ਚ ਸਭ ਤੋਂ ਪਹਿਲਾਂ 6ਜੀ ਸੇਵਾਵਾਂ ਸ਼ੁਰੂ ਹੋਣਗੀਆਂ। ਮੋਦੀ ਨੇ ਕਿਹਾ,‘‘2014 ਤੋਂ ਪਹਿਲਾਂ ਦੇਸ਼ ’ਚ ਕੁਝ ਸੌ ਸਟਾਰਟ ਅੱਪ ਸਨ ਪਰ ਹੁਣ ਇਹ ਗਿਣਤੀ ਇਕ ਲੱਖ ਦੇ ਨੇੜੇ ਪਹੁੰਚ ਗਈ ਹੈ। ਉਸ ਸਮੇਂ ਆਊਟਡੇਟਿਡ ਫੋਨ ਦੀ ਸਕਰੀਨ ਹੈਂਗ ਹੋ ਜਾਂਦੀ ਸੀ ਅਤੇ ਭਾਵੇਂ ਤੁਸੀਂ ਸਕਰੀਨ ਨੂੰ ਕਿੰਨਾ ਵੀ ਸਵਾਈਪ ਕਰ ਲਵੋ ਜਾਂ ਕਿੰਨੇ ਵੀ ਬਟਨ ਦਬਾ ਲਵੋ, ਕੁਝ ਅਸਰ ਹੁੰਦਾ ਹੀ ਨਹੀਂ ਸੀ। ਇਹੋ ਹਾਲਤ ਉਸ ਸਮੇਂ ਦੀ ਸਰਕਾਰ ਦੀ ਵੀ ਸੀ। ਉਸ ਸਮੇਂ ਦੇਸ਼ ਦਾ ਅਰਥਚਾਰਾ ਜਾਂ ਆਖ ਲਵੋ ਉਦੋਂ ਦੀ ਸਰਕਾਰ ਹੀ ਹੈਂਗ ਮੋਡ ’ਚ ਸੀ। ਹਾਲਤ ਇੰਨੀ ਖ਼ਰਾਬ ਸੀ ਕਿ ਰੀਸਟਾਰਟ ਕਰਨ ਨਾਲ ਵੀ ਕੋਈ ਫਾਇਦਾ ਨਹੀਂ ਹੁੰਦਾ ਸੀ। ਨਾ ਬੈਟਰੀ ਚਾਰਜ ਕਰਨ ਅਤੇ ਨਾ ਹੀ ਬਦਲਣ ਦਾ ਕੋਈ ਫਾਇਦਾ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ 2014 ’ਚ ਉਸ ਆਊਟਡੇਟਿਡ ਫੋਨ ਨੂੰ ਛੱਡ ਦਿੱਤਾ ਅਤੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਮੋਬਾਈਲ ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਭਾਰਤ 118ਵੇਂ ਤੋਂ 43ਵੇਂ ਸਥਾਨ ’ਤੇ ਪਹੁੰਚ ਗਿਆ ਹੈ ਅਤੇ 5ਜੀ ਸੇਵਾ ਸ਼ੁਰੂ ਹੋਣ ਦੇ ਇਕ ਸਾਲ ਦੇ ਅੰਦਰ ਚਾਰ ਲੱਖ 5ਜੀ ਬੇਸ ਸਟੇਸ਼ਨ ਸਥਾਪਿਤ ਕੀਤੇ ਗਏ ਹਨ। -ਪੀਟੀਆਈ
ਅਯੁੱਧਿਆ ’ਚ ਰਾਮ ਮੰਦਰ ਛੇਤੀ ਬਣ ਕੇ ਤਿਆਰ ਹੋਵੇਗਾ: ਮੋਦੀ
ਚਿਤਰਕੂਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਛੇਤੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਰਾਮ ਮੰਦਰ ਦੇ ਨਿਰਮਾਣ ’ਚ ਹਿੰਦੂ ਧਾਰਮਿਕ ਆਗੂ ਜਗਤਗੁਰੂ ਰਾਮਭੱਦਰਾਚਾਰਿਆ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੱਧ ਪ੍ਰਦੇਸ਼ ਦੇ ਚਿਤਰਕੂਟ ’ਚ ਜਗਤਗੁਰੂ ਰਾਮਭੱਦਰਾਚਾਰਿਆ ਦੇ ਤੁਲਸੀ ਪੀਠ ’ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਸਕ੍ਰਿਤ ਤਰੱਕੀ ਅਤੇ ਪਛਾਣ ਦੀ ਵੀ ਭਾਸ਼ਾ ਹੈ। ਉਨ੍ਹਾਂ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਵੱਲੋਂ ਰਾਮ ਮੰਦਰ ਦੇ ਸਮਾਗਮ ਲਈ ਦਿੱਤੇ ਗਏ ਸੱਦੇ ਦਾ ਵੀ ਜ਼ਿਕਰ ਕੀਤਾ ਜੋ ਅਗਲੇ ਸਾਲ 22 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਮੋਦੀ ਨੇ ਕਿਹਾ ਕਿ ਸਵੱਛਤਾ, ਸਿਹਤ ਅਤੇ ਗੰਗਾ ਦੀ ਸਫਾਈ ਵਰਗੇ ਕੌਮੀ ਟੀਚਿਆਂ ਦਾ ਹੁਣ ਅਹਿਸਾਸ ਕੀਤਾ ਜਾ ਰਿਹਾ ਹੈ। -ਪੀਟੀਆਈ