ਦੁਕਾਨਦਾਰ ’ਤੇ ਹਮਲੇ ਖ਼ਿਲਾਫ਼ ਲੋਕਾਂ ਨੇ ਆਵਾਜਾਈ ਰੋਕੀ
ਜਗਤਾਰ ਸਮਾਲਸਰ
ਏਲਨਾਬਾਦ, 11 ਮਾਰਚ
ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਲਵਲੀ ਮਿਸ਼ਠਾਨ ਭੰਡਾਰ ’ਤੇ ਅੱਜ ਇੱਕ ਨੌਜਵਾਨ ਵੱਲੋਂ ਦੁਕਾਨਦਾਰ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਦੁਕਾਨਦਾਰਾਂ ਨੇ ਸੜਕ ’ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸੁਰਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੁਕਾਨਦਾਰਾਂ ਨੂੰ ਸਮਝਾ ਕੇ ਮੁਲਜ਼ਮ ਖਿਲਾਫ਼ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਜਾਮ ਖੋਲ੍ਹ ਦਿੱਤਾ। ਦੁਕਾਨਦਾਰ ਬਾਬੂ ਲਾਲ ਨੇ ਦੱਸਿਆ ਕਿ ਸਵੇਰੇ ਨਗਰ ਪਾਲਿਕਾ ਦੀ ਮਹਿਲਾ ਕਰਮਚਾਰੀ ਸੜਕ ’ਤੇ ਸਫ਼ਾਈ ਕਰ ਰਹੀ ਸੀ ਤਾਂ ਇੱਥੇ ਮਿੱਟੀ ਉੱਡ ਰਹੀ ਸੀ ਇਸ ਲਈ ਉਸ ਨੂੰ ਇੱਥੇ ਕੁਝ ਪਾਣੀ ਦਾ ਛਿੜਕਾਅ ਕਰਨ ਤੋਂ ਬਾਅਦ ਸਫ਼ਾਈ ਕਰਨ ਲਈ ਕਿਹਾ ਪਰ ਮਹਿਲਾ ਸਫ਼ਾਈ ਕਰਮਚਾਰੀ ਨੇ ਦੁਕਾਨਦਾਰ ਦੀ ਗੱਲ ਨਹੀਂ ਮੰਨੀ। ਇਸ ਗੱਲ ਨੂੰ ਲੈ ਕੇ ਦੋਵੇਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਮਹਿਲਾ ਸਫ਼ਾਈ ਕਰਮਚਾਰੀ ਨੇ ਆਪਣੇ ਬੇਟੇ ਨੂੰ ਮੌਕੇ ’ਤੇ ਸੱਦ ਲਿਆ। ਉਸ ਨੇ ਆ ਕੇ ਦੁਕਾਨਦਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੌਰਾਨ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਤੁਰੰਤ ਸੜਕ ’ਤੇ ਜਾਮ ਲਗਾ ਦਿੱਤਾ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਥਾਣਾ ਇੰਚਾਰਜ ਨੇ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।