ਲੋਕਾਂ ਨੇ ਹੱਡਾਰੋੜੀ ਚੁਕਵਾਉਣ ਲਈ ਐੱਸਡੀਐੱਮ ਦਫ਼ਤਰ ਘੇਰਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 14 ਅਗਸਤ
ਇੱਥੇ ਨੌਧਰਾਣੀ ਫਾਟਕ ਨੇੜੇ ਸਥਿਤ ਹੱਡਾਰੋੜੀ ਤੋਂ ਪ੍ਰੇਸ਼ਾਨ ਗੋਬਿੰਦ ਨਗਰ ਅਤੇ ਗਾਂਧੀ ਨਗਰ ਵਾਸੀਆਂ ਨੇ ਹੱਡਾਰੋੜੀ ਚੁਕਾਓ, ਪਰਿਵਾਰ ਬਚਾਓ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਉਪਰੰਤ ਐੱਸਡੀਐੱਮ ਦਫ਼ਤਰ ਅੱਗੇ ਰੈਲੀ ਕੀਤੀ। ਇਸ ਦੌਰਾਨ ਲੋਕਾਂ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੀ ਅਰਥੀ ਵੀ ਫੂਕੀ। ਰੈਲੀ ਨੂੰ ਸੰਬੋਧਨ ਕਰਦਿਆਂ ਮੁਹੱਲਾ ਵਾਸੀ ਅਤੇ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ, ਏਟਕ ਆਗੂ ਭਰਪੂਰ ਸਿੰਘ ਬੂਲਾਪੁਰ, ਪ੍ਰਿੰਸੀਪਲ ਜੱਗਾ ਸਿੰਘ ਮੰਡਿਆਲਾ, ਬਘੇਲ ਸਿੰਘ, ਅਜੇ ਕੁਮਾਰ, ਸੁਖਦੇਵ ਸਿੰਘ, ਮਹਿੰਦਰ ਸਿੰਘ, ਨਰਿੰਦਰ ਸਿੰਘ ਨੇ ਕਿਹਾ ਕਿ ਗੋਬਿੰਦ ਨਗਰ, ਗਾਂਧੀ ਨਗਰ ਵਾਸੀ ਅਤੇ ਫਾਟਕ ਪਾਰ ਸਨਅਤੀ ਇਕਾਈਆਂ ਦੇ ਮਾਲਕ ਤੇ ਮਜ਼ਦੂਰ ਪਿਛਲੇ ਚਾਰ ਮਹੀਨਿਆਂ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਨ ਦੀ ਮੰਗ ਲਈ ਡਿਪਟੀ ਕਮਿਸ਼ਨਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਫ਼ਰਿਆਦ ਕਰਨ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਜਮੀਲ-ਉਰ-ਰਹਿਮਾਨ ਅਤੇ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਪੱਤਰ ਲਿਖ ਕੇ ਹੱਡਾਰੋੜੀ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਕਿਸੇ ਨੇ ਵੀ ਮੁਹੱਲਾ ਵਾਸੀਆਂ ਦੀ ਇਸ ਵਾਜਬ ਮੰਗ ਵੱਲ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਐੱਸਡੀਐੱਮ ਅਪਰਨਾ ਐੱਮਬੀ ਨੇ ਹੱਡਾਰੋੜੀ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਹੱਡਾਰੋੜੀ ਦੇ ਠੇਕੇਦਾਰ ਨੂੰ 16 ਅਗਸਤ ਤੱਕ ਹੱਡਾਰੋੜੀ ਦੀ ਜਗ੍ਹਾ ਖ਼ਾਲੀ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਬੇਅੰਤ ਸਿੰਘ, ਕੇਵਲ ਸਿੰਘ, ਰਵੀ ਕੁਮਾਰ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਬੂਟਾ ਸਿੰਘ ਆਦਿ ਹਾਜ਼ਰ ਸਨ।