ਚੰਡੋਲਾ ਖੱਡ ਦਾ ਨਵਾਂ ਪੁਲ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ
ਐੱਨਪੀ ਧਵਨ
ਪਠਾਨਕੋਟ, 26 ਜੂਨ
ਧਾਰ ਕਲਾਂ ਨੀਮ ਪਹਾੜੀ ਖੇਤਰ ਅੰਦਰ ਪੈਂਦੇ ਪਿੰਡ ਭੰਗੂੜੀ ਤੋਂ ਚੰਡੋਲਾ ਨੂੰ ਜਾਣ ਲਈ ਚੰਡੋਲਾ ਖੱਡ ‘ਤੇ ਬਣਿਆ ਹੋਇਆ ਛੋਟਾ ਪੁਲ ਪਿਛਲੇ ਸਾਲ ਬਰਸਾਤ ਦੇ ਦਿਨਾਂ ਵਿੱਚ ਰੁੜ੍ਹ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲ ਦੇ ਰੁੜ੍ਹਨ ਦੇ ਕਰੀਬ 1 ਸਾਲ ਬੀਤ ਜਾਣ ਮਗਰੋਂ ਵੀ ਅਜੇ ਤੱਕ ਪੁਲ ਨਾ ਬਣਾਉਣ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਜਗ੍ਹਾ ਪੱਕੇ ਪੁਲ ਦਾ ਨਿਰਮਾਣ ਕੀਤਾ ਜਾਵੇ।
ਇਸ ਮੌਕੇ ਭੰਗੂੜੀ ਪਿੰਡ ਦੀ ਸਰਪੰਚ ਬੀਨਾ ਮਨਹਾਸ, ਸਰਪੰਚ ਸੰਯੋਗਤਾ ਕੁਮਾਰੀ, ਪਿੰਡ ਨਿਆੜੀ ਦੀ ਸਰਪੰਚ ਵੰਦਨਾ ਦੇਵੀ, ਰਾਕੇਸ਼ ਕੁਮਾਰ, ਰੋਸ਼ਨ ਸਿੰਘ, ਰਣਜੀਤ ਸਿੰਘ, ਸਾਗਰ ਸਿੰਘ, ਪ੍ਰਮੇਸ਼ ਕੁਮਾਰ, ਪ੍ਰਹਿਲਾਦ ਪਠਾਨੀਆ, ਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਜਦ ਇਹ ਪੁਲ ਰੁੜ੍ਹਿਆ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਪਾਈਪਾਂ ਪਾ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਰਜ਼ੀ ਤੌਰ ‘ਤੇ ਪੁਲ ਨੂੰ ਬਣਾ ਲਿਆ ਸੀ ਤੇ ਉਸ ਉਪਰੋਂ ਦੁਪਹੀਆ ਵਾਹਨ ਹੀ ਜਾ ਸਕਦੇ ਸਨ ਪਰ ਬਾਅਦ ਵਿੱਚ ਆਈਆਂ ਬਰਸਾਤਾਂ ਨੂੰ ਦੇਖ ਕੇ ਉਕਤ ਵਿਅਕਤੀ ਨੇ ਪਾਈਪਾਂ ਦੇ ਮੁੜ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਜਾਣ ਦੇ ਖਤਰੇ ਨੂੰ ਭਾਂਪਦੇ ਹੋਏ ਪਾਈਪਾਂ ਨੂੰ ਕਢਵਾ ਲਿਆ ਜਿਸ ਨਾਲ ਪਿੰਡ ਵਾਸੀਆਂ ਨੂੰ ਮੁੜ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਉਪਰੰਤ ਇੱਕ ਹੋਰ ਸਮਾਜ ਸੇਵਕ ਰੁਪੇਸ਼ ਮਨਹਾਸ ਵੱਲੋਂ ਸੀਮਿੰਟ ਦੀ ਇੱਕ ਪਾਈਪ ਪੁਆ ਕੇ ਉਸ ਉਪਰ ਮਿੱਟੀ ਵਗੈਰਾ ਪਾ ਕੇ ਮੁੜ ਸਕੂਟਰ ਵਗੈਰਾ ਲੰਘਣ ਲਈ ਰਸਤਾ ਬਣਵਾਇਆ ਜਾ ਰਿਹਾ ਹੈ ਦੂਸਰੇ ਪਾਸੇ ਬਰਸਾਤਾਂ ਵੀ ਹੁਣ ਸ਼ੁਰੂ ਹੋ ਗਈਆਂ ਹਨ ਤੇ ਬਰਸਾਤਾਂ ਵਿੱਚ ਇਸ ਦੇ ਰੁੜ੍ਹ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਨਾਲ ਇਹ ਰਸਤਾ ਮੁੜ ਬੰਦ ਹੋ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਧਾਰ ਕਲਾਂ ਵਿਖੇ ਤਹਿਸੀਲ ਦਫਤਰ ਜਾਂ ਹਰਿਆਲ, ਜਸੂਰ ਮੋੜ ਤੇ ਜਾਣ ਲਈ ਇਸ ਰਸਤੇ ਰਾਹੀਂ ਜਾਣਾ ਪੈਂਦਾ ਹੈ ਪਰ ਜੇਕਰ ਰਸਤਾ ਬਰਸਾਤਾਂ ਵਿੱਚ ਫਿਰ ਬੰਦ ਹੋ ਗਿਆ ਤਾਂ ਲੋਕਾਂ ਨੂੰ ਇੱਥੇ ਜਾਣ ਲਈ ਜ਼ਿਆਦਾ ਸਫਰ ਤੈਅ ਕਰਨਾ ਪਵੇਗਾ।