ਸੱਤ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ
ਪਠਾਨਕੋਟ (ਪੱਤਰ ਪ੍ਰੇਰਕ): ਨਗਰ ਕੌਂਸਲ ਸੁਜਾਨਪੁਰ ਟੈਂਪੂ ਸਟੈਂਡ ਕੋਲ ਲੱਗੀ ਪਾਣੀ ਦੀ ਟੈਂਕੀ ਖਰਾਬ ਹੋਣ ਕਾਰਨ ਪਿਛਲੇ ਸੱਤ ਦਿਨਾਂ ਤੋਂ ਪਾਣੀ ਦੀ ਇੱਕ ਬੂੰਦ ਵੀ ਨਾ ਮਿਲਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਗਦੀਸ਼ ਰਾਜ, ਸੁਰੇਸ਼ ਕੁਮਾਰ, ਪੱਪੂ, ਨਰਿੰਦਰ ਕੁਮਾਰ, ਪ੍ਰਵੀਨ ਕੁਮਾਰ, ਤਿਲਕ ਰਾਜ, ਰਮੇਸ਼ ਲਾਲ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਸੁਜਾਨਪੁਰ ਟੈਂਪੂ ਸਟੈਂਡ ਕੋਲ ਪਾਣੀ ਦੀ ਟੈਂਕੀ ’ਤੇ ਲੱਗੇ ਬੋਰ ਦੇ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਮੁਹੱਲਾ ਸ਼ਹੀਦ ਭਗਤ ਸਿੰਘ ਨਗਰ, ਮੁਹੱਲਾ ਕਲਿਆਰੀ, ਮੁਹੱਲਾ ਅਰੁਣ ਨਗਰ, ਮੁਹੱਲਾ ਸਲਾਰੀਆ, ਮੁਹੱਲਾ ਸ਼ੇਖਾ, ਰੇਲਵੇ ਸਟੇਸ਼ਨ ਰੋਡ, ਕਬੀਰ ਨਗਰ ਆਦਿ ਮੁਹੱਲਿਆਂ ਦੇ ਵਾਸੀ ਪਾਣੀ ਨਾ ਮਿਲਣ ਕਾਰਨ ਨਗਰ ਕੌਂਸਲ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਉਨ੍ਹਾਂ ਕਿਹਾ ਕਿ ਆਏ ਦਨਿ ਕਿਧਰੇ ਨਗਰ ਕੌਂਸਲ ਸੁਜਾਨਪੁਰ ਦੀ ਮੋਟਰ ਖਰਾਬ ਹੋ ਜਾਂਦੀ ਹੈ ਤੇ ਕਦੇ ਬੋਰ ਖਰਾਬ ਹੋ ਜਾਂਦਾ ਹੈ। ਇਸ ਸਬੰਧੀ ਇੰਚਾਰਜ ਅਮਿਤ ਮਹਾਜਨ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਟੈਂਪੂ ਸਟੈਂਡ ਕੋਲ ਬੋਰ ਦੀ ਸਫਾਈ ਦਾ ਕੰਮ ਮਸ਼ੀਨ ਵੱਲੋਂ ਚੱਲ ਰਿਹਾ ਹੈ। ਬੋਰ ਦੀ ਸਫਾਈ ਦਾ ਕੰਮ ਮੁਕੰਮਲ ਹੁੰਦੇ ਸਾਰ ਹੀ 1-2 ਦਿਨਾਂ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।