ਫ਼ਤਹਿਗੜ੍ਹ ਸਾਹਿਬ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 10 ਸਤੰਬਰ
ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਫ਼ਤਹਿਗੜ੍ਹ ਸਾਹਿਬ ਇਲਾਕੇ ਦੀਆਂ ਸੜਕਾਂ ਦੀ ਤਰਸਯੋਗ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ। ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਸ੍ਰੀ ਲਾਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸਮਰਪਿਤ ਸ਼ਹੀਦੀ ਸਭਾ ਸ਼ੁਰੂ ਹੋਣ ਵਿੱਚ ਕੇਵਲ ਤਿੰਨ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਪਰ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਜੋਤੀ ਸਰੂਪ ਸਾਹਿਬ ਖੰਡਾ ਚੌਕ ਤੋਂ ਸਰਹੰਦ-ਚੰਡੀਗੜ੍ਹ ਬਾਈਪਾਸ ਤੱਕ ਸੜਕ ਦੀ ਹਾਲਤ ਬਹੁਤ ਮਾੜੀ ਹੈ। ਇਸ ਮੌਕੇ ਮੰਚ ਦੇ ਸੂਬਾ ਪ੍ਰਧਾਨ ਮਨੀਸ਼ ਵਰਮਾ ਤੇ ਜ਼ਿਲ੍ਹਾ ਪ੍ਰਧਾਨ ਗੁਰਕੀਰਤ ਵੇਦੀ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਵਿੱਚ ਵੀ ਤੁਰੰਤ ਸੁਧਾਰ ਦੀ ਮੰਗ ਕੀਤੀ।
ਇਸ ਮੌਕੇ ਸੁਖਦੇਵ ਗਾਬਾ ਸਰਹੰਦ ਸ਼ਹਿਰ, ਬਲਵਿੰਦਰ ਗੋਗੀ ਬਹਾਦਰਗੜ੍ਹ, ਸੰਦੀਪ ਲਵਲੀ ਹੁਮਾਯੂੰਪੁਰ, ਰੁਪਿੰਦਰ ਸਿੰਘ ਬੋਰਾ, ਸੁਖਦੇਵ ਸਿੰਘ ਬੁਚੜੇ, ਗੁਰਮੀਤ ਸਿੰਘ ਬਰਕਤਪੁਰ, ਏਕਮ ਸਿੰਘ ਬੁਚੜੇ, ਬਾਬਾ ਦਲੇਰ ਸਿੰਘ ਖਾਲਸਾ ਹੁਮਾਯੂੰਪੁਰ ਆਦਿ ਮੌਜੂਦ ਸਨ।