ਲਿੰਕ ਸੜਕ ਦੀ ਮਾੜੀ ਹਾਲਤ ਤੋਂ ਲੋਕ ਔਖੇ
ਪੱਤਰ ਪ੍ਰੇਰਕ
ਪਠਾਨਕੋਟ, 8 ਫਰਵਰੀ
ਪਿੰਡ ਰਾਣੀਪੁਰ ਉਪਰਲਾ ਤੋਂ ਲੈ ਕੇ ਪਿੰਡ ਬਾਸਾ ਅਤੇ ਸਾਂਗਰ ਤੱਕ ਜਾਣ ਵਾਲੀ 7 ਕਿਲੋਮੀਟਰ ਲਿੰਕ ਰੋਡ ਇਸ ਸਮੇਂ ਕਾਫ਼ੀ ਖਸਤਾ ਹਾਲਤ ਵਿੱਚ ਹੈ ਅਤੇ ਸੜਕ ’ਤੇ ਟੋਏ ਪੈਣ ਕਾਰਨ ਇਸ ਤੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਬਾਰੇ ਪਿੰਡ ਵਾਸੀ ਰਮੇਸ਼ ਧਾਰ, ਸੁਖਦਿਆਲ ਸ਼ਰਮਾ, ਸੰਦੀਪ ਸ਼ਰਮਾ, ਸ਼ੰਮੀ ਸ਼ਰਮਾ, ਸੰਨੀ ਸ਼ਰਮਾ, ਓਮ ਪ੍ਰਕਾਸ਼, ਸੁਭਾਸ਼ ਚੰਦ, ਡਾ. ਰਮੇਸ਼ ਸਿੰਘ ਨੇ ਦੱਸਿਆ ਕਿ ਮੁੱਖ ਰੋਡ ਪਠਾਨਕੋਟ ਦੇ ਰਾਣੀਪੁਰ ਤਲਾਅ ਤੋਂ ਪਿੰਡ ਬਾਸਾ ਅਤੇ ਸਾਂਗਰ ਤੱਕ ਲਗਭਗ 7 ਕਿਲੋਮੀਟਰ ਦੀ ਲਿੰਕ ਸੜਕ ਇਸ ਸਮੇਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਸੜਕ ’ਤੇ ਜਗ੍ਹਾ-ਜਗ੍ਹਾ ਟੋਏ ਪਏ ਹੋਣ ਕਾਰਨ ਇਸ ਤੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਇਸ ਲਿੰਕ ਸੜਕ ਦੇ ਨਾਲ ਪਿੰਡ ਰਾਣੀਪੁਰ, ਸਾਂਗਰ, ਬਾਸਾ, ਭਰਾਲ, ਕਲਾਨੂ, ਕੋਠੇ ਅਤੇ ਹੋਰ ਕਈ ਪਿੰਡ ਲੱਗਦੇ ਹਨ ਤੇ ਇਨ੍ਹਾਂ ਪਿੰਡਾਂ ਤੋਂ ਸੈਂਕੜੇ ਲੋਕ ਪਠਾਨਕੋਟ, ਜੁਗਿਆਲ, ਸ਼ਾਹਪੁਰਕੰਡੀ ਅਤੇ ਹੋਰ ਸਥਾਨਾਂ ’ਤੇ ਜਾਂਦੇ ਹਨ ਜਿਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਮੰਡੀਕਰਨ ਬੋਰਡ ਦੇ ਐੱਸਡੀਓ ਕੁਲਵੰਤ ਸਿੰਘ ਨੇ ਦੱਸਿਆ ਕਿ ਸੜਕ ਦੇ ਨਵੀਨੀਕਰਨ ਲਈ ਵਿਭਾਗ ਵੱਲੋਂ ਐਸਟੀਮੇਟ ਬਣਾ ਕੇ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਮਨਜ਼ੂਰੀ ਆਉਂਦੇ ਸਾਰ ਹੀ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।