ਟਰੱਕ ਚਾਲਕਾਂ ਦੀ ਹੜਤਾਲ ਕਾਰਨ ਲੋਕ ਬੇਹਾਲ
ਚੰਡੀਗੜ੍ਹ ਤੇ ਹਿਮਾਚਲ ’ਚ ਈਂਧਣ ਦੀ ਮਿਕਦਾਰ ਨਿਰਧਾਰਿਤ
ਨਵੀਂ ਦਿੱਲੀ, 2 ਜਨਵਰੀ
ਨਵੇਂ ਕਾਨੂੰਨ ਤਹਿਤ ‘ਹਿੱਟ ਐਂਡ ਰਨ’ ਕੇਸਾਂ ਵਿੱਚ ਸਖ਼ਤ ਸਜ਼ਾ ਦੀ ਵਿਵਸਥਾ ਖਿਲਾਫ਼ ਟੈਂਕਰ ਤੇ ਟਰੱਕ ਚਾਲਕਾਂ ਵੱਲੋਂ ਕੀਤੀ ਹੜਤਾਲ ਦੇ ਦੂਜੇ ਦਿਨ ਕਈ ਰਾਜਾਂ ਵਿਚ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਸਰਕਾਰ ਨਾਲ ਗੱਲਬਾਤ ਮਗਰੋਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐੱਮਟੀਸੀ) ਨੇ ਟਰੱਕ ਚਾਲਕਾਂ ਨੂੰ ਹੜਤਾਲ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਜਥੇਬੰਦੀ ਨੂੰ ਉਸ ਦੇ ਮੈਂਬਰਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਨਵਾਂ ਕਾਨੂੰਨ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ। ਉਧਰ ਸਰਕਾਰ ਵਿਚਲੇ ਸੂਤਰ ਨੇ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨਾਲ ਜਥੇਬੰਦੀ ਦੇ ਆਗੂਆਂ ਦੀ ਬੈਠਕ ਉਪਰੰਤ ਮਸਲਾ ਹੱਲ ਹੋ ਗਿਆ ਹੈ। ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਅਜੇ ਵੀ ਬਣਿਆ ਹੋਇਆ ਹੈ। ਲੋਕਾਂ ਵਿੱਚ ਦਹਿਸ਼ਤ ਕਰਕੇ ਪੈਟਰੋਲ ਪੰਪਾਂ ਦੇ ਬਾਹਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਰਕੇ ਕਈ ਥਾਈਂ ਪੰਪਾਂ ’ਚ ਈਂਧਣ ਮੁੱਕ ਗਿਆ। ਚੰਡੀਗੜ੍ਹ ਤੇ ਹਿਮਾਚਲ ਨੇ ਆਪਣੇ ਪੈਟਰੋਲ ਪੰਪਾਂ ’ਤੇ ਵਾਹਨ ਚਾਲਕਾਂ ਲਈ ਈਂਧਣ ਦਾ ਕੋਟਾ ਮੁਕੱਰਰ ਕਰ ਦਿੱਤਾ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਟਰੱਕ ਚਾਲਕਾਂ ਨੇ ਸਥਾਨਕ ਅਥਾਰਿਟੀਜ਼ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਮਗਰੋਂ ਹੜਤਾਲ ਖ਼ਤਮ ਕਰ ਦਿੱਤੀ। ਉਧਰ ਰਾਜਸਥਾਨ ਦੇ ਕੇਕੜੀ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਨੂੰ ਹਜੂਮ ਨੇ ਪੁਲੀਸ ਵਾਹਨ ਨੂੰ ਅੱਗ ਲਾ ਦਿੱਤੀ ਤੇ ਸੁਰੱਖਿਆ ਅਮਲੇ ’ਤੇ ਪੱਥਰਬਾਜ਼ੀ ਕੀਤੀ। ਇਸ ਘਟਨਾ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।
ਟਰੱਕ, ਬੱਸ ਤੇ ਟੈਂਕਰ ਚਾਲਕਾਂ ਨੇ ਹਿੱਟ ਐਂਡ ਰਨ ਕੇਸਾਂ ਵਿੱਚ ਸਖ਼ਤ ਸਜ਼ਾ ਖ਼ਿਲਾਫ਼ ਸੋਮਵਾਰ ਤੋਂ ਕਈ ਰਾਜਾਂ ਵਿਚ ਤਿੰਨ ਰੋਜ਼ਾ ਹੜਤਾਲ ਸ਼ੁਰੂ ਕੀਤੀ ਸੀ। ਇੰਡੀਅਨ ਪੀਨਲ ਕੋਡ ਦੀ ਥਾਂ ਲੈਣ ਵਾਲੀ ਭਾਰਤੀਯ ਨਿਆਏ ਸੰਹਿਤਾ ਵਿੱਚ ਅਣਗਹਿਲੀ ਨਾਲ ਵਾਹਨ ਚਲਾਉਂਦਿਆਂ ਗੰਭੀਰ ਸੜਕ ਹਾਦਸਿਆਂ ਵਿੱਚ ਸ਼ਾਮਲ ਤੇ ਹਾਦਸੇ ਮਗਰੋਂ ਮੌਕੇ ਤੋਂ ਭੱਜਣ ਵਾਲੇ ਟਰੱਕ ਡਰਾਈਵਰ ਖਿਲਾਫ਼ ਦਸ ਸਾਲ ਕੈਦ ਜਾਂ 7 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ।
ਸਰਕਾਰੀ ਸੂਤਰਾਂ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਦੇਰ ਸ਼ਾਮ ਹੜਤਾਲ ਵਿੱਚ ਸ਼ਾਮਲ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ ਹੈ ਤੇ ਮਸਲੇ ਦਾ ਦੋਸਤਾਨਾ ਢੰਗ ਨਾਲ ਹੱਲ ਕੱਢਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐੱਮਟੀਸੀ) ਨੇ ਟਰੱਕ ਡਰਾਈਵਰਾਂ ਦੀ ਮੰਗ ਨੂੰ ਲੈ ਕੇ ਦੇਸ਼ਿਵਆਪੀ ਹੜਤਾਲ ਦਾ ਸੱਦਾ ਨਹੀਂ ਦਿੱਤਾ। ਨਵੇਂ ਕਾਨੂੰਨ ਬਾਰੇ ਤੋਖਲਿਆਂ ਦੇ ਹਵਾਲੇ ਨਾਲ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਟਰੱਕ ਡਰਾਈਵਰ ਗ਼ਲਤੀ ਨਾਲ ਕਿਸੇ ਵਿਅਕਤੀ ਨੂੰ ਆਪਣੇ ਵਾਹਨ ਨਾਲ ਟੱਕਰ ਮਾਰ ਦਿੰਦਾ ਹੈ ਤੇ ਮੌਕੇ ਤੋਂ ਭੱਜਣ ਦੀ ਥਾਂ ਪੁਲੀਸ ਨੂੰ ਜਾਣਕਾਰੀ ਦਿੰਦਾ ਹੈ ਜਾਂ ਪੀੜਤ ਨੂੰ ਨੇੜਲੇ ਹਸਪਤਾਲ ਲੈ ਕੇ ਜਾਂਦਾ ਹੈ, ਤਾਂ ਉਸ ਨੂੰ ਨਵੇਂ ਕਾਨੂੰਨ (ਭਾਰਤੀ ਨਿਆਏ ਸੰਹਿਤਾ) ਦੀਆਂ ਸਖ਼ਤ ਵਿਵਸਥਾਵਾਂ ਤਹਿਤ ਸਜ਼ਾ ਨਹੀਂ ਦਿੱਤੀ ਜਾਵੇਗੀ।ਉਧਰ ਕਾਂਗਰਸ ਨੇ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਕਾਨੂੰਨ ਦੀ ਦੁਰਵਰਤੋਂ ਨਾਲ ‘ਫਿਰੌਤੀ ਮੰਗਣ ਵਾਲਿਆਂ ਦਾ ਨੈੱਟਵਰਕ’ ਤੇ ‘ਸੰਗਠਿਤ ਭ੍ਰਿਸ਼ਟਾਚਾਰ’ ਵਧੇਗਾ। ਪਾਰਟੀ ਪ੍ਰਧਾਨ ਮਲਿਕਰਾਜੁਨ ਖੜਗੇ ਨੇ ਦੋਸ਼ ਲਾਇਆ ਕਿ ਸਰਕਾਰ ‘ਗਰੀਬ ਨੂੰ ਸਜ਼ਾ ਦੇ ਰਹੀ ਹੈ’ ਤੇ ਬੁਨਿਆਦੀ ਸੈਕਟਰ ਵਿਚ ਨਿਵੇਸ਼ ’ਚ ਅੜਿੱਕੇ ਡਾਹ ਰਹੀ ਹੈ। ਇਸ ਦੌਰਾਨ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਦੂਜੇ ਦਿਨ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਈਂ ਪੈਟਰੋਲ ਪੰਪਾਂ ਨੇ ਵਾਹਨ ਚਾਲਕਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਹੜਤਾਲ ਦੇ ਮੱਦੇਨਜ਼ਰ ਈਂਧਣ ਦੀ ਸਪਲਾਈ ਨਾ ਪੁੱਜਣ ਕਰਕੇ ਉਨ੍ਹਾਂ ਕੋਲ ਪੈਟਰੋਲ ਤੇ ਡੀਜ਼ਲ ਦਾ ਸਟਾਕ ਖ਼ਤਮ ਹੋ ਗਿਆ ਹੈ। ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦੁਪਹੀਆ ਤੇ ਚਾਰ ਪਹੀਆ ਵਾਹਨਾਂ ਲਈ ਈਂਧਣ ਦੀ ਮਿਕਦਾਰ ਮੁਕੱਰਰ ਕਰ ਦਿੱਤੀ ਹੈ। ਹੜਤਾਲ ਦੇ ਮੱਦੇਨਜ਼ਰ ਪੰਜਾਬ, ਜੰਮੂ ਕਸ਼ਮੀਰ ਤੇ ਹਰਿਆਣਾ ਵਿਚ ਵੀ ਪੈਟਰੋਲ ਸਟੇਸ਼ਨਾਂ ਦੇ ਬਾਹਰ ਵਾਹਨ ਚਾਲਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹਰਿਆਣਾ ਵਿੱਚ ਨਿੱਜੀ ਬੱਸ ਅਪਰੇਟਰ ਤੇ ਕੁਝ ਆਟੋ ਰਿਕਸ਼ਾ ਯੂਨੀਅਨਾਂ ਵੀ ਟਰੱਕ ਚਾਲਕਾਂ ਦੀ ਹੜਤਾਲ ਦਾ ਹਿੱਸਾ ਬਣੀਆਂ। ਮਹਾਰਾਸ਼ਟਰ ਵਿਚ ਟਰੱਕ ਚਾਲਕਾਂ ਨੇ ਰਾਜਧਾਨੀ ਮੁੰਬਈ, ਨਾਗਪੁਰ, ਸ਼ੋਲਾਪੁਰ, ਧਾਰਾਸ਼ਿਵ, ਨਵੀ ਮੁੰਬਈ, ਪਾਲਘਰ, ਨਾਗਪੁਰ, ਬੀੜ, ਹਿੰਗੋਲੀ, ਛਤਰਪਤੀ ਸਾਂਬਾਜੀਨਗਰ, ਨਾਸਿਕ, ਗੜਚਿਰੋਲੀ ਤੇ ਵਰਧਾ ਵਿਚ ਰੋਸ ਮੁਜ਼ਾਹਰੇ ਕੀਤੇ। ਹੜਤਾਲ ਕਰਕੇ ਮੱਧ ਪ੍ਰਦੇਸ਼ ਵਿੱਚ ਕਰੀਬ ਪੰਜ ਲੱਖ ਵਾਹਨਾਂ ਦੀ ਆਵਾਜਾਈ ’ਤੇ ਅਸਰ ਪਿਆ। ਅੰਤਰਰਾਜੀ ਬੱਸਾਂ ਦੇ ਨਾ ਚੱਲਣ ਕਰਕੇ ਮੁਸਾਫ਼ਰ ਖੱਜਲ ਖੁਆਰ ਹੁੰਦੇ ਰਹੇ। ਸਨਅਤੀ ਅਧਿਕਾਰੀਆਂ ਨੇ ਕਿਹਾ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਲੋਕਾਂ ਵੱਲੋਂ ਆਪ-ਮੁਹਾਰੇ ਪੈਟਰੋਲ ਪੰਪਾਂ ’ਤੇ ਲੰਮੀਆਂ ਕਤਾਰਾਂ ਲਾਉਣ ਕਰਕੇ 2000 ਦੇ ਕਰੀਬ ਪੈਟਰੋਲ ਪੰਪਾਂ, ਜਿਨ੍ਹਾਂ ਵਿਚੋਂ ਬਹੁਤੇ ਪੱਛਮੀ ਤੇ ਉੱਤਰੀ ਭਾਰਤ ’ਚ ਹਨ, ਵਿੱਚ ਈਂਧਣ ਦਾ ਸਟਾਕ ਖ਼ਤਮ ਹੋ ਗਿਆ। ਕਸ਼ਮੀਰ ਤੇ ਸ੍ਰੀਨਗਰ ’ਚ ਵੀ ਪੈਟਰੋਲ ਪੰਪਾਂ ਦੇ ਬਾਹਰ ਕਤਾਰਾਂ ਦੇਖਣ ਨੂੰ ਮਿਲੀਆਂ। ਜੰਮੂ ਵਿੱਚ ਹਾਲਾਤ ਨਾਲ ਸਿੱਝਣ ਲਈ ਪੈਟਰੋਲ ਪੰਪ ਮਾਲਕਾਂ ਨੂੰ ਪੁਲੀਸ ਦੀ ਮਦਦ ਲੈਣੀ ਪਈ। ਸਨਅਤੀ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਭਾਰਤ ’ਚ ਹਾਲਾਤ ਬਿਹਤਰ ਹਨ। -ਪੀਟੀਆਈ
ਟਿਕੈਤ ਵੱਲੋਂ ਹੜਤਾਲ ਦੀ ਹਮਾਇਤ
ਨੋਇਡਾ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਟਰੱਕਾਂ ਦੀ ਹੜਤਾਲ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਲਾਹ ਬਿਨਾਂ ਕਾਨੂੰਨ ਬਣਾਏ ਜਾਂਦੇ ਹਨ ਤਾਂ ਵਿਰੋਧ ਵਜੋਂ ਲੋਕ ਸੜਕਾਂ ’ਤੇ ਉਤਰਦੇ ਹਨ ਤੇ ਅਜਿਹੇ ਪ੍ਰਦਰਸ਼ਨ ਹੁੰਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕੋਈ ਹਾਦਸੇ ਵਿੱਚ ਜ਼ਖ਼ਮੀ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਜਦੋਂ ਕੋਈ ਡਰਾਈਵਰ ਭੱਜਦਾ ਹੈ ਤਾਂ ਉਹ ਭੀੜ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਜਿਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਭੀੜ ਉਸ ਨੂੰ ਮਾਰ ਦਿੰਦੀ ਹੈ ਜਾਂ ਕਾਨੂੰਨ ਉਸ ਦੀ ਹੱਤਿਆ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਟਰਾਂਸਪੋਰਟਰਾਂ ਦੇ ਨਾਲ ਹਾਂ, ਬੀਕੇਯੂ ਉਨ੍ਹਾਂ ਦੇ ਨਾਲ ਹੈ। -ਪੀਟੀਆਈ
ਪੰਜਾਬ ਤੇ ਹਰਿਆਣਾ ਵਿੱਚ ਟਰੱਕਾਂ ਦਾ ਪਹੀਆ ਜਾਮ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਖਿਲਾਫ ਪੰਜਾਬ ਤੇ ਹਰਿਆਣਾ ਦੇ ਟਰੱਕ ਚਾਲਕ ਹੜਤਾਲ ’ਤੇ ਚਲੇ ਗਏ ਹਨ। ਟਰੱਕ ਚਾਲਕਾਂ ਦੇ ਨਾਲ ਟੈਂਕਰ ਚਾਲਕ ਤੇ ਹੋਰ ਕਮਰਸ਼ੀਅਲ ਵਾਹਨਾਂ ਦੇ ਚਾਲਕ ਵੀ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਪੈਟਰੋਲ, ਡੀਜ਼ਲ ਸਣੇ ਹੋਰਨਾਂ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ, ਜਿਸ ਕਰਕੇ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਉੱਧਰ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਬੰਦ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਭਰ ਦੇ ਸਾਰੇ ਪੈਟਰੋਲ ਪੰਪਾਂ ’ਤੇ ਤੇਲ ਪਵਾਉਣ ਲਈ ਸਵੇਰ ਤੋਂ ਹੀ ਲੋਕਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਸੂਬੇ ਭਰ ਦੇ ਪੈਟਰੋਲ ਪੰਪਾਂ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਕਰਕੇ ਹਰ ਪੈਟਰੋਲ ਪੰਪ ਦੇ ਬਾਹਰ ਅੱਧੇ ਤੋਂ ਇਕ ਕਿਲੋਮੀਟਰ ਤੱਕ ਜਾਮ ਲੱਗੇ ਰਹੇ। ਲੋਕਾਂ ਨੇ ਆਪਣੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀਆਂ ਟੈਂਕੀਆਂ ਭਰਵਾਉਣ ਨੂੰ ਤਰਜੀਹ ਦਿੱਤੀ ਜਿਸ ਕਾਰਨ ਸੂਬੇ ਦੇ 80 ਫ਼ੀਸਦ ਦੇ ਕਰੀਬ ਪੈਟਰੋਲ ਪੰਪਾਂ ਵਿੱਚ ਤੇਲ ਮੁੱਕ ਗਿਆ।