ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਰਤੀਆ, 12 ਅਗਸਤ
ਸ਼ਹਿਰ ਦੇ ਕਈ ਵਾਰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਦਿਨ ਵਿਚ ਦੋ ਸਮੇਂ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਸੀ ਪਰ ਜਦੋਂ ਤੋਂ ਘੱਗਰ ਵਿਚ ਹੜ੍ਹ ਦਾ ਪਾਣੀ ਆਇਆ, ਉਦੋਂ ਤੋਂ ਲੋਕ ਸਿਹਤ ਵਿਭਾਗ ਨੇ ਪੂਰੇ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਇਕ ਸਮਾਂ ਨਿਰਧਾਰਿਤ ਕਰ ਦਿੱਤਾ। ਸ਼ਹਿਰ ਅਤੇ ਇਲਾਕੇ ਵਿਚ ਹੜ੍ਹ ਦੀ ਸਥਿਤੀ ਠੀਕ ਹੋਣ ਦੇ ਬਾਵਜੂਦ ਵੀ ਲੋਕ ਸਿਹਤ ਵਿਭਾਗ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਇਕ ਸਮਾਂ ਹੀ ਰੱਖਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਦੇਰ ਸ਼ਾਮ ਸ਼ਹਿਰ ਦੇ ਵਾਰਡ ਨੰਬਰ-5 ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿਚ ਨਿਯਮਤ ਪਾਣੀ ਨਾ ਆਉਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਭਿਆਨਕ ਗਰਮੀ ਵਿਚ ਉਨ੍ਹਾਂ ਨੂੰ ਪਾਣੀ ਲਈ ਇੱਧਰ-ਉਧਰ ਭਟਕਣਾ ਪੈ ਰਿਹਾ ਹੈ। ਕਲੋਨੀ ਵਾਸੀਆਂ ’ਚ ਸ਼ਾਮਲ ਗੁਰਮੀਤ ਸਿੰਘ, ਗਗਨਦੀਪ ਸਿੰਘ, ਸੁਖਪਾਲ ਸਿੰਘ, ਹਰਜੋਤ ਸਿੰਘ, ਰਮਨ ਕੁਮਾਰ, ਗੁਰਬੀਰ ਕੌਰ, ਗੁਰਮੀਤ ਕੌਰ ਤੇ ਹੋਰਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਕਰਵਾਉਣ ਲਈ ਉਹ ਜਦੋਂ ਵੀ ਜਲਘਰ ਵਿਚ ਅਪਰੇਟਰ ਕੋਲ ਜਾਂਦੇ ਹਨ ਤਾਂ ਉਹ ਉਚ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਇਕ ਸਮਾਂ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦਾ ਹਵਾਲਾ ਦਿੰਦਾ ਹੈ।
ਇਸ ਸਬੰਧੀ ਜਨ ਸਿਹਤ ਵਿਭਾਗ ਦੇ ਜੇਈ ਅਮਨ ਕੁਮਾਰ ਨੇ ਕਿਹਾ ਕਿ ਘੱਗਰ ਵਿਚ ਆਏ ਹੜ੍ਹਾਂ ਦੇ ਪਾਣੀ ਨੂੰ ਦੇਖਦੇ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਇਕ ਸਮੇਂ ਕੀਤੀ ਗਈ ਸੀ। ਅਜੇ ਤੱਕ ਉਨ੍ਹਾਂ ਦੇ ਧਿਆਨ ਵਿਚ ਇਹ ਸਮੱਸਿਆ ਨਹੀਂ ਆਈ ਸੀ ਪਰ ਹੁਣ ਉਨ੍ਹਾਂ ਦੀ ਟੀਮ ਸਾਰੇ ਵਾਰਡਾਂ ਦਾ ਜਾਇਜ਼ਾ ਲਵੇਗੀ ਅਤੇ ਜਿਨ੍ਹਾਂ ਵਾਰਡਾਂ ਵਿਚ ਪਾਣੀ ਦੀ ਸਪਲਾਈ ਘੱਟ ਹੈ, ਉਥੋਂ ਦੀ ਸਪਲਾਈ ਵਧਾ ਦਿੱਤੀ ਜਾਵੇਗੀ। ਸ਼ਹਿਰ ਵਿਚ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।