ਮਲੋਟ ਵਿੱਚ ਅਣ-ਅਧਿਕਾਰਤ ਤੇ ਬੇਤਰਤੀਬੇ ਫਲੈਕਸਾਂ ਤੋਂ ਲੋਕ ਔਖੇ
ਲਖਵਿੰਦਰ ਸਿੰਘ
ਮਲੋਟ, 3 ਨਵੰਬਰ
ਸ਼ਹਿਰ ਵਿੱਚ ਅਨੇਕਾਂ ਅਣ-ਅਧਿਕਾਰਿਤ ਥਾਵਾਂ ’ਤੇ ਲੱਗੇ ਬੇਤਰਤੀਬੇ ਫਲੈਕਸ ਬੋਰਡਾਂ ਤੋਂ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਇਹ ਜ਼ਿਆਦਾ ਨੀਵੇਂ ਹੋਣ ਕਰਕੇ ਅੱਗੋਂ ਆ ਰਹੇ ਟਰੈਫਿਕ ਨੂੰ ਦੇਖਣ ਵਿੱਚ ਵੀ ਅੜਿੱਕਾ ਬਣ ਰਹੇ ਹਨ। ਨਾਜਾਇਜ਼ ਫਲੈਕਸ ਬੋਰਡਾਂ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਸ਼ਹਿਰ ਵਾਸੀਆਂ ਸੋਹਨ ਕੁਮਾਰ, ਜਸਦੇਵ ਸਿੰਘ, ਗੁਰਮੀਤ ਸਿੰਘ, ਬਖਸ਼ੀਸ਼ ਸਿੰਘ, ਮੰਦਰ ਸਿੰਘ, ਗੁਰਦੇਵ ਸਿੰਘ, ਲਖਣਪਾਲ, ਰਾਜੂ ਅਤੇ ਹੋਰਨਾਂ ਨੇ ਕਿਹਾ ਕਿ ਮਲੋਟ ਵਿੱਚ ਫਲੈਕਸ ਬੋਰਡਾਂ ਨੂੰ ਲੈ ਕੇ ਨਿਯਮ ਵੱਖਰੇ ਹੀ ਹਨ। ਇਥੇ ਨਾਜਾਇਜ਼ ਬੋਰਡਾਂ ਰਾਹੀਂ ਵੱਧ ਤੋਂ ਵੱਧ ਕਿਰਾਇਆ ਵਸੂਲੀ ਨਾਲ ਆਪਣੀਆਂ ਜੇਬਾਂ ਭਰਨ ਲਈ ਕਥਿਤ ਮੁਲਾਜ਼ਮਾਂ ਨੇ ਹਾਈਵੇ ਤੋਂ ਇਲਾਵਾ, ਬੱਸ ਅੱਡਾ, ਭਗਤ ਸਿੰਘ ਚੌਕ, ਪੀਐਨਬੀ ਦੇ ਸਾਹਮਣੇ, ਡੀਸੀਐੱਮ ਕਲਨੀ ਦੇ ਅੱਗੇ ਤੇ ਪੁਲ ਦੇ ਹੇਠਾਂ ਆਦਿ ਥਾਵਾਂ ‘ਤੇ ਨਾਜਾਇਜ਼ ਬੋਰਡ ’ਤੇ ਬੋਰਡ ਚੜ੍ਹਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰਿਤ ਤੌਰ ‘ਤੇ ਨਗਰ ਕੌਂਸਲ ਕੋਲ ਕਰੀਬ ਦੋ ਦਰਜਨ ਥਾਵਾਂ ਅਜਿਹੀਆਂ, ਯੂਨੀਪੋਲ ਹਨ, ਜਿਨ੍ਹਾਂ ‘ਤੇ ਫਲੈਕਸ ਬੋਰਡ ਲਗਾਏ ਜਾ ਸਕਦੇ ਹਨ ਪਰ ਕੌਂਸਲ ਦੇ ਮੁਲਾਜ਼ਮ ਅਧਿਕਾਰਤ ਬੋਰਡਾਂ ਦੇ ਨਾਲ, ਕਈ ਹੋਰ ਨਾਜਾਇਜ਼ ਬੋਰਡ ਲਗਵਾ ਕੇ ਉਨ੍ਹਾਂ ਦਾ ਕਿਰਾਇਆ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾਉਣ ਦੀ ਬਜਾਏ, ਆਪਣੀਆਂ ਜੇਬਾਂ ਵਿੱਚ ਪਾ ਹੀ ਲੈਂਦੇ ਹਨ, ਅਜਿਹੇ ਕਾਰਨ ਬੋਰਡਾਂ ਦੀ ਗਿਣਤੀ ਵਧਣੀ ਸੁਭਾਵਿਕ ਹੈ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ।
ਨਾਜਾਇਜ਼ ਬੋਰਡ ਸਮੇਂ-ਸਮੇਂ ’ਤੇ ਹਟਾਏ ਜਾਂਦੇ ਹਨ: ਈਓ
ਉਧਰ ਨਗਰ ਕੌਂਸਲ ਦੇ ਅਧਿਕਾਰਤ ਮੁਲਾਜ਼ਮ ਸੁਨੀਲ ਕੁਮਾਰ ਨੂੰ ਪੱਖ ਲੈਣ ਲਈ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ। ਕਾਰਜਸਾਧਕ ਅਫਸਰ ਮੰਗਤ ਰਾਮ ਨੇ ਇਹ ਕਹਿੰਦਿਆਂ ਫੋਨ ਕੱਟ ਦਿੱਤਾ ਕੇ ਉਹ ਨਾਜਾਇਜ਼ ਬੋਰਡ ਸਮੇਂਂ-ਸਮੇਂ ’ਤੇ ਹਟਾਉਂਦੇ ਰਹਿੰਦੇ ਹਨ।