ਲੋਕ ਮਹਿੰਗਾਈ ਨਾਲ ਜੂਝ ਰਹੇ ਹਨ, ਸਰਕਾਰ ‘ਕੁੰਭਕਰਨ’ ਵਾਂਗ ਸੁੱਤੀ: ਰਾਹੁਲ
ਨਵੀਂ ਦਿੱਲੀ, 24 ਦਸੰਬਰ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ ਪਰ ਸਰਕਾਰ ‘ਕੁੰਭਕਰਨ’ ਵਾਂਗ ਸੁੱਤੀ ਪਈ ਹੈ। ਰਾਹੁਲ ਨੇ ਗਿਰੀ ਨਗਰ ਦੀ ਸਬਜ਼ੀ ਮੰਡੀ ਦੇ ਆਪਣੇ ਦੌਰੇ ਅਤੇ ਸੁਆਣੀਆਂ ਨਾਲ ਕੀਤੀ ਗਈ ਗੱਲਬਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ ਹੈਂਡਲ ’ਤੇ ਨਸ਼ਰ ਕੀਤੀ ਹੈ।
ਰਾਹੁਲ ਨੇ ਵੀਡੀਓ ਨਾਲ ਪਾਈ ਪੋਸਟ ’ਚ ਕਿਹਾ, ‘‘ਕੁਝ ਦਿਨ ਪਹਿਲਾਂ ਮੈਂ ਸਥਾਨਕ ਸਬਜ਼ੀ ਮੰਡੀ ’ਚ ਗਿਆ ਅਤੇ ਉਥੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਿਆ ਕਿ ਕਿਵੇਂ ਮਹਿੰਗਾਈ ਕਾਰਨ ਆਮ ਲੋਕਾਂ ਦਾ ਬਜਟ ਵਿਗੜ ਰਿਹਾ ਹੈ। ਲੋਕ ਵਧਦੀਆਂ ਕੀਮਤਾਂ ਕਾਰਨ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਸਮਝੌਤਾ ਕਰਨਾ ਪੈ ਰਿਹਾ ਹੈ।’’
ਰਾਹੁਲ ਨੇ ਕਿਹਾ ਕਿ ਉਨ੍ਹਾਂ ਲਸਣ, ਮਟਰ, ਮਸ਼ਰੂਮ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ 400 ਰੁਪਏ ਕਿਲੋ ਦੇ ਲਸਣ ਅਤੇ 120 ਰੁਪਏ ਕਿਲੋ ਦੇ ਮਟਰ ਨੇ ਹਰ ਕਿਸੇ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੁਆਣੀਆਂ ਨੇ ਰਾਹੁਲ ਨੂੰ ਦੱਸਿਆ ਕਿ ਉਨ੍ਹਾਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ’ਤੇ ਰੋਕ ਲਗਾ ਲਈ ਹੈ ਕਿਉਂਕਿ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਉਹ ਖੁੱਲ੍ਹ ਕੇ ਇਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਜਰਤਾਂ ’ਤੇ ਕੋਈ ਅਸਰ ਨਹੀਂ ਪਿਆ ਹੈ ਪਰ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ।
-ਪੀਟੀਆਈ