For the best experience, open
https://m.punjabitribuneonline.com
on your mobile browser.
Advertisement

ਗਰਮੀ ਦੇ ਕਹਿਰ ਨਾਲ ਲੋਕ ਹਾਲੋਂ ਬੇਹਾਲ

10:53 AM Jun 17, 2024 IST
ਗਰਮੀ ਦੇ ਕਹਿਰ ਨਾਲ ਲੋਕ ਹਾਲੋਂ ਬੇਹਾਲ
ਸੰਗਰੂਰ ਸ਼ਹਿਰ ’ਚ ਗਰਮੀ ਤੋਂ ਬਚਣ ਲਈ ਸਿਰ-ਮੂੰਹ ਢੱਕ ਕੇ ਜਾ ਰਹੀਆਂ ਲੜਕੀਆਂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਜੂਨ
ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 34 ਡਿੱਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਰਿਕਾਰਡ ਹੋਇਆ। ਮੌਸਮ ਵਿਭਾਗ ਅਨੁਸਾਰ ਅਜੇ ਅਗਲਾ ਸਾਰਾ ਹਫ਼ਤਾ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਗਰਮੀ ਕਾਰਨ ਅੱਜ ਪਟਿਆਲਾ ਦੇ ਬਾਜ਼ਾਰ ਸੁੰਨੇ ਨਜ਼ਰ ਆਏ। ਹਰ ਐਤਵਾਰ ਲੱਗਣ ਵਾਲੀ ਮਾਰਕੀਟ ਵਿਚ ਵੀ ਇਕ ਦੁੱਕਾ ਲੋਕ ਨਜ਼ਰ ਆਏ ਜਿਸ ਕਰਕੇ ਦੁਕਾਨਦਾਰਾਂ ਦੇ ਵਪਾਰ ਨੂੰ ਵੀ ਕਾਫ਼ੀ ਧੱਕਾ ਲੱਗ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਰਿਹਾ। ਹਵਾ 6.89 ਦੀ ਰਫ਼ਤਾਰ ਨਾਲ ਚੱਲੀ ਪਰ ਗਰਮੀ ਤੋਂ ਨਿਜਾਤ ਨਹੀਂ ਦਿਵਾ ਸਕੀ।
ਮੌਸਮ ਵਿਭਾਗ ਦੇ ਪਟਿਆਲਾ ਦੇ ਹਫ਼ਤਾਵਾਰੀ ਮੌਸਮ ਦੀ ਭਵਿੱਖਬਾਣੀ ਅਨੁਸਾਰ ਹਫ਼ਤੇ ਦੇ ਵੱਖ-ਵੱਖ ਦਿਨਾਂ ’ਚ ਸੰਭਾਵਿਤ ਤਾਪਮਾਨ ਐਤਵਾਰ ਨੂੰ 47 ਡਿਗਰੀ, ਸੋਮਵਾਰ ਨੂੰ 48 ਡਿਗਰੀ, ਮੰਗਲਵਾਰ ਨੂੰ 47 ਡਿਗਰੀ, ਬੁੱਧਵਾਰ ਨੂੰ 46 ਡਿਗਰੀ, ਵੀਰਵਾਰ ਨੂੰ 46 ਡਿਗਰੀ, ਸ਼ੁੱਕਰਵਾਰ ਨੂੰ 44 ਡਿਗਰੀ ਅਤੇ ਸ਼ਨਿਚਰ ਨੂੰ ਇਹ 46 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਮੈਡੀਕਲ ਕਾਲਜ ਪਟਿਆਲਾ ਦੇ ਪ੍ਰੋ. ਡਾ. ਇਕਬਾਲ ਸਿੰਘ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਗਰਮੀ ਤੋਂ ਬਚਾਉਣਾ ਲਾਜ਼ਮੀ ਹੁੰਦਾ ਹੈ। ਖ਼ਾਸ ਕਰਕੇ ਦੁਪਹਿਰ ਵੇਲੇ ਘਰੋਂ ਨੰਗੀ ਧੁੱਪ ਵਿਚ ਨਿਕਲਣਾ ਜ਼ਿਆਦਾ ਖ਼ਤਰਨਾਕ ਹੈ। ਦੂਜੇ ਪਾਸੇ ਗਰਮੀ ਦੇ ਕਹਿਰ ਕਾਰਨ ਸਾਉਣੀ ਦੀਆਂ ਮੁੱਖ ਫ਼ਸਲਾਂ ਨਰਮਾ, ਦਾਲਾਂ, ਸਬਜ਼ੀਆਂ, ਪਸ਼ੂਆਂ ਦਾ ਚਾਰਾ ਅਤੇ ਫਲਦਾਰ ਫ਼ਸਲਾਂ ਵੀ ਝੁਲਸ ਗਈਆਂ ਹਨ। ਖੇਤੀਬਾੜੀ ਮਾਹਿਰਾਂ ਅਨੁਸਾਰ ਗਰਮੀ ਦੇ ਮੌਸਮ ਵਿਚ ਪਾਣੀ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ, ਕਈ ਵਾਰ ਅੱਜ ਕੱਲ੍ਹ ਝੋਨੇ ਦੀ ਫ਼ਸਲ ਵੱਲ ਜ਼ਿਆਦਾ ਤਵੱਜੋਂ ਦੇਣ ਕਰਕੇ ਬਾਕੀ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਹਾੜ ਮਹੀਨੇ ਦੇ ਪਹਿਲੇ ਹਫ਼ਤੇ ਹੀ ਗਰਮੀ ਦਾ ਕਹਿਰ ਸਿਖ਼ਰ ’ਤੇ ਹੈ। ਦਿਨ ਚੜ੍ਹਦਿਆਂ ਹੀ ਸੂਰਜ ਦੀਆਂ ਤਿੱਖੀਆਂ ਕਿਰਨਾਂ ਦਿਨ ਭਰ ਪੈਣ ਵਾਲੀ ਗਰਮੀ ਦਾ ਅਹਿਸਾਸ ਕਰਵਾ ਦਿੰਦੀਆਂ ਹਨ। ਤੇਜ਼ ਤਿੱਖੀ ਧੁੱਪ, ਵਗਦੀ ਗਰਮ ਲੂ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਰੱਖਿਆ ਹੈ। ਲਗਾਤਾਰ ਵਧ ਰਹੇ ਤਾਪਮਾਨ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਿਖ਼ਰ ਦੁਪਹਿਰੇ ਸ਼ਹਿਰ ਦੇ ਬਜ਼ਾਰਾਂ ’ਚ ਸੁੰਨਸਾਨ ਨਜ਼ਰ ਆਉਂਦੀ ਹੈ। ਗਰਮੀ ਤੋਂ ਬਚਣ ਲਈ ਦੋ ਪਹੀਆ ਵਾਹਨ ਚਾਲਕ ਕੱਪੜੇ ਨਾਲ ਸਿਰ ਮੂੰਹ ਢੱਕ ਕੇ ਬਾਹਰ ਨਿਕਲਦੇ ਹਨ। ਸਮਾਜ ਸੇਵੀ ਜਥੇਬੰਦੀਆਂ ਅਤੇ ਨੌਜਵਾਨ ਵਰਗ ਵਲੋਂ ਗਰਮੀ ਦੇ ਮੱਦੇਨਜ਼ਰ ਛਬੀਲਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਰਾਹਗੀਰਾਂ ਨੂੰ ਠੰਢਾ ਪਾਣੀ ਪਿਲਾ ਕੇ ਰਾਹਤ ਦਿੱਤੀ ਜਾ ਸਕੇ। ਗਰਮੀ ਕਾਰਨ ਪਸ਼ੂਆਂ ਦੀ ਸਾਂਭ ਸੰਭਾਲ ਲਈ ਪਸ਼ੂ ਚਾਲਕਾਂ ਨੂੰ ਵਧੇਰੇ ਚੌਕਸੀ ਵਰਤਣੀ ਪੈ ਰਹੀ ਹੈ। ਦਿਨ ਵੇਲੇ ਦਰੱਖਤਾਂ ਦੀ ਛਾਂ ਹੇਠ ਜਾਂ ਫ਼ਿਰ ਸ਼ੈਡਾਂ ਵਿਚ ਪੱਖੇ ਲਗਾ ਕੇ ਪਸ਼ੂਆਂ ਨੂੰ ਗਰਮੀ ਤੋਂ ਬਚਾਇਆ ਜਾ ਰਿਹਾ ਹੈ। ਦਿਨ ਭਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਗਰਮੀ ਦੀ ਮਾਰ ਸਹਿਣੀ ਪੈ ਰਹੀ ਹੈ। ਗਰਮੀ ਦੇ ਵਧ ਰਹੇ ਕਹਿਰ ਕਾਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਅੱਜ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹੀਂ ਦਿਨੀਂ ਚੱਲ ਰਹੀ ਲੂ ਅਤੇ ਗਰਮ ਹਵਾਵਾਂ ਕਾਰਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਵਾਂਗ ਸੰਗਰੂਰ ਜ਼ਿਲ੍ਹਾ ਵੀ ਅਤਿ ਦੀ ਗਰਮੀ ਦੀ ਮਾਰ ਹੇਠ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ’ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਆਦਿ ਨੂੰ ਹਰ ਹੀਲੇ ਵਧੇਰੇ ਤਾਪਮਾਨ ਤੋਂ ਬਚਾਅ ਰੱਖਣਾ ਚਾਹੀਦਾ ਹੈ। ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢਕਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਖੇਤਰ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਤੇ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਪਾਰ ਚੱਲ ਰਿਹਾ ਹੈ। ਸਵੇਰੇ 11 ਵਜੇ ਤੋਂ ਲੂ ਵਗਣੀ ਸ਼ੁਰੂ ਹੋ ਜਾਂਦੀ ਅਤੇ ਦੁਪਹਿਰ ਵੇਲੇ ਗਰਮੀ ਦਾ ਸਿਖਰ ਹੁੰਦਾ ਹੈ। ਇਸ ਦੌਰਾਨ ਬੱਚੇ ਤੇ ਬਜ਼ੁਰਗ ਤਾਂ ਘਰ ਤੋਂ ਬਾਹਰ ਨਿਕਲਣ ’ਚ ਸੰਕੋਚ ਕਰ ਰਹੇ ਹਨ। ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਕਿ ਗਰਮੀ ਕਾਰਨ ਲੋਕਾਂ ਨੂੰ ਮੂੰਹ ਸੁੱਕਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਤਾਪਮਾਨ ਵਧਣ ਕਾਰਨ ਲੂ ਲੱਗਣ ਖ਼ਤਰਾ ਵਧ ਰਿਹਾ ਹੈ। ਲੋਕਾਂ ਨੂੰ ਭਰਪੂਰ ਪਾਣੀ ਪੀਣਾ ਚਾਹੀਦਾ ਹੈ। ਰੇਹੜੀਆਂ ਅਤੇ ਦੁਕਾਨਾਂ ਦੇ ਬਾਹਰ ਰੱਖੀਆਂ ਠੰਢੀਆਂ ਅਤੇ ਖੁੱਲ੍ਹੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Advertisement

Advertisement
Author Image

Advertisement
Advertisement
×