ਜਲੰਧਰ ਦੀਆਂ ਖਸਤਾ ਹਾਲ ਸੜਕਾਂ ਤੋਂ ਲੋਕ ਦੁਖੀ
ਹਤਿੰਦਰ ਮਹਿਤਾ
ਜਲੰਧਰ, 27 ਅਕਤੂਬਰ
ਸ਼ਹਿਰ ’ਚ ਦੀਵਾਲੀ ਦੇ ਤਿਉਹਾਰ ਦੀ ਤਿਆਰੀਆਂ ਦੌਰਾਨ ਲੋਕਾਂ ਨੂੰ ਨਿੱਤ ਦੇ ਕੰਮਾਂ ਕਾਰਾਂ ਲਈ ਖਸਤਾ ਹਾਲ ਸੜਕਾਂ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸ਼ਹਿਰ ਵਾਸੀ ਤਿਉਹਾਰਾਂ ਸਬੰਧੀ ਪ੍ਰਬੰਧਾਂ ਦੀ ਕਥਿਤ ਘਾਟ ਤੋਂ ਇਲਾਵਾ ਹੋਰ ਬਹੁਤ ਪ੍ਰੇਸ਼ਾਨੀਆਂ ਨਾਲ ਜੂਝਦੇ ਨਜ਼ਰ ਆ ਰਹੇ ਹਨ, ਜਿਸ ਵਿਚ ਸ਼ਹਿਰ ਦੀਆਂ ਸੜਕਾਂ ਇੱਕ ਅਹਿਮ ਮੁੱਦਾ ਬਣੀਆਂ ਹੋਈਆਂ ਹਨ। ਸੜਕਾਂ ’ਤੇ ਟੋਇਆਂ ਪਾਣੀ ਭਰਨ ਤੋਂ ਵੀ ਰਾਹਗੀਰ ਨਿਰਾਸ਼ ਹਨ।
ਤਿਉਹਾਰਾਂ ਦੇ ਮੱਦੇਨਜ਼ਰ ਹੁਣ ਜਦੋਂ ਸ਼ਹਿਰ ਭਰ ਦੇ ਘਰਾਂ ਦੀ ਸਫ਼ਾਈ ਅਤੇ ਸਜਾਵਟ ਕੀਤੀ ਜਾ ਰਹੀ ਹੈ ਉਥੇ ਹੀ ਸ਼ਹਿਰ ਦੀਆਂ ਗਲੀਆਂ ਅਣਗੌਲੀਆਂ ਅਤੇ ਖਰਾਬ ਸੜਕਾਂ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ। ਕੂੜਾ ਪ੍ਰਬੰਧਨ, ਸੀਵਰੇਜ ਦੇ ਮੁੱਦੇ ਅਤੇ ਸੜਕਾਂ ਦੀ ਮਾੜੀ ਸਥਿਤੀ ਨੂੰ ਹੱਲ ਦੇ ਬਹੁਤ ਘੱਟ ਸੰਕੇਤ ਨਜ਼ਰ ਆ ਰਹੇ ਹਨ। ਬੱਸ ਸਟੈਂਡ, ਰੇਲਵੇ ਸਟੇਸ਼ਨ, ਗੜ੍ਹਾ ਰੋਡ, ਡਿਫੈਂਸ ਕਲੋਨੀ ਅਤੇ ਬਸਤੀ ਨੌ-ਬਸਤੀ ਗੁਜ਼ਾਨ ਰੂਟ ਵਰਗੀਆਂ ਵੱਡੀਆਂ ਸੜਕਾਂ ਸਮੇਤ ਮੁੱਖ ਸਥਾਨਾਂ ਵੱਲ ਜਾਣ ਵਾਲੀਆਂ ਸੜਕਾਂ ਦੀ ਹਾਲਤ ਕਾਫੀ ਖਸਤਾ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਮੀਂਹ ਨੇ ਇਨ੍ਹਾਂ ਮੁੱਦਿਆਂ ਨੂੰ ਹੋਰ ਵਿਗਾੜ ਦਿੱਤਾ ਹੈ, ਵਾਹਨ ਅਕਸਰ ਟੋਇਆਂ ਵਿੱਚ ਫਸ ਜਾਂਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ। ਉਨ੍ਹਾਂ ਮੰਗ ਕੀਤੀ ਸੜਕਾਂ ਦੀ ਹਾਲਤ ਜਲਦੀ ਸੁਧਾਰੀ ਜਾਵੇ ਤਾਂ ਲੋਕ ਸੜਕਾਂ ਤੋਂ ਸਹੀ ਸਲਾਮਤ ਲੰਘ ਸਕਣ।
ਸੜਕਾਂ ਦੀ ਮੁਰੰਮਤ ਲਈ ਟੈਂਡਰ ਹੋ ਚੁੱਕੇ ਨੇ: ਨਿਗਮ ਕਮਿਸ਼ਨਰ
ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਕਾਰਪੋਰੇਸ਼ਨ ਦੇ ਯਤਨਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੌਸਮੀ ਪੈਟਰਨ ਸੜਕ ਦੇ ਕੰਮ ਨੂੰ ਦੋ ਮੁੱਖ ਵਿੰਡੋਜ਼ ਤੱਕ ਸੀਮਤ ਕਰਦੇ ਹਨ। ਜੈਨ ਅਨੁਸਾਰ ਨਗਰ ਨਿਗਮ ਪੂਰੀ ਗਤੀ ਨਾਲ ਕੰਮ ਕਰ ਰਿਹਾ ਹੈ ਅਤੇ ਮੁਰੰਮਤ ਦੀ ਉਡੀਕ ਵਿੱਚ ਸੜਕਾਂ ਲਈ ਪਹਿਲਾਂ ਹੀ ਟੈਂਡਰ ਜਾਰੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖੀਰ ਤੱਕ ਜਾਂ ਦਸੰਬਰ ਦੇ ਸ਼ੁਰੂ ਤੱਕ ਕੰਮ ਸ਼ੁਰੂ ਹੋਣ ਦੀ ਆਸ ਹੈ ਅਤੇ ਉਮੀਦ ਹੈ ਕਿ ਲਗਪਗ ਸਾਰੀਆਂ ਸੜਕਾਂ ਦੀ ਮੁਰੰਮਤ ਪੂਰੀ ਹੋ ਜਾਵੇਗੀ।