ਸੰਗਰੂਰ ’ਚ ਸੀਵਰੇਜ ਸਮੱਸਿਆ ਕਾਰਨ ਲੋਕ ਹਾਲੋਂ-ਬੇਹਾਲ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਫਰਵਰੀ
ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਿਚ ਸੀਵਰੇਜ ਦੀ ਸਮੱਸਿਆ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਸੀਵਰੇਜ ਸਿਸਟਮ ਦੇ ਮਾੜੇ ਹਾਲਾਤ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਸੀਵਰੇਜ ਦਾ ਗੰਦਾ ਪਾਣੀ ਗਲੀਆਂ ’ਚ ਫੈਲਦਾ ਰਹਿੰਦਾ ਹੈ। ਅਜਿਹੇ ਹਾਲਾਤ ’ਚ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਸ਼ਹਿਰ ਦੇ ਕੌਂਸਲਰ ਤੇ ਸਮਾਜ ਸੇਵੀ ਸਤਿੰਦਰ ਸੈਣੀ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਕਈ ਕਲੋਨੀਆਂ ਵਿਚ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਰਾਮ ਬਸਤੀ ਦੀਆਂ ਗਲੀਆਂ ਵਿਚ ਸੀਵਰੇਜ ਦਾ ਪਾਣੀ ਫੈਲ ਰਿਹਾ ਹੈ। ਬਸਤੀ ’ਚ ਸਥਿਤ ਪ੍ਰਾਇਮਰੀ ਸਕੂਲ ਦੇ ਸਾਹਮਣੇ ਵਾਲੀ ਗਲੀ ’ਚ ਪਾਣੀ ਹੋਣ ਕਾਰਨ ਜਿਥੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਸਹਿਣੀ ਪੈਂਦੀ ਹੈ ਉਥੇ ਸਕੂਲੀ ਬੱਚਿਆਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਰਾਮ ਬਸਤੀ ਤੋਂ ਇਲਾਵਾ ਘੁਮਿਆਰ ਬਸਤੀ, ਰਾਮਨਗਰ ਬਸਤੀ, ਧੂਰੀ ਗੇਟ ਸਮੇਤ ਅਨੇਕਾਂ ਏਰੀਏ ਹਨ ਜਿਥੇ ਸੀਵਰੇਜ ਦੀ ਸਮੱਸਿਆ ਸਮੇਂ ਸਮੇਂ ਬਣੀ ਰਹਿੰਦੀ ਹੈ।
ਅੱਜ ਸ਼ਹਿਰ ਦੇ ਕਰੀਬ ਅੱਧੀ ਦਰਜਨ ਨਗਰ ਕੌਂਸਲਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲਿਆ। ਨਗਰ ਕੌਂਸਲਰਾਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਦੀ ਸੌ ਫੀਸਦੀ ਸਫ਼ਾਈ ਕਰਵਾਈ ਜਾਵੇ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਨਾਕਾਮ ਸਾਬਤ ਹੋ ਰਹੇ ਸੀਵਰੇਜ ਬੋਰਡ ਅਤੇ ਸਬੰਧਤ ਨਿੱਜੀ ਕੰਪਨੀ ਖ਼ਿਲਾਫ਼ ਸਖਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਨਗਰ ਕੌਂਸਲਰਾਂ ’ਚ ਨੱਥੂ ਲਾਲ ਢੀਂਗਰਾ, ਸਤਿੰਦਰ ਸੈਣੀ, ਪਰਮਿੰਦਰ ਪਿੰਕੀ, ਹਿਮਾਂਸ਼ੂ ਗਾਬਾ, ਰਵੀ ਚਾਵਲਾ ਤੋਂ ਇਲਾਵਾ ਸੁਭਾਸ਼ ਕੰਡਾ, ਖੇਮ ਚੰਦ ਸ਼ਰਮਾ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਸ਼ਾਮਲ ਸਨ। ਨਗਰ ਕੌਂਸਲਰਾਂ ਨੇ ਦੋਸ਼ ਲਾਇਆ ਕਿ ਸੀਵਰੇਜ ਬੋਰਡ ਅਧੀਨ ਕੰਮ ਕਰ ਰਹੀ ਨਿੱਜੀ ਕੰਪਨੀ ਸੀਵਰੇਜ ਸਿਸਟਮ ਸਬੰਧੀ ਹੋਏ ਇਕਰਾਰਨਾਮੇ ਦੀ ਉਲੰਘਣਾ ਕਰ ਰਹੀ ਹੈ। ਇਕਰਾਰਨਾਮੇ ਅਨੁਸਾਰ ਸ਼ਹਿਰ ਵਿਚ ਕੋਈ ਵੀ ਮੇਨ ਹੋਲ ਓਵਰਫਲੋ ਨਹੀਂ ਕਰੇਗਾ, ਬੰਦ ਸੀਵਰੇਜ 24 ਘੰਟਿਆਂ ’ਚ ਖੋਲ੍ਹਿਆ ਜਾਵੇਗਾ, ਪੂਰਾ ਸਾਲ ਖਾਸ ਕਰ ਬਰਸਾਤੀ ਮੌਸਮ ਤੋਂ ਪਹਿਲਾਂ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਸਾਫ਼ ਕੀਤੀਆਂ ਜਾਣਗੀਆਂ, ਪਾਣੀ ਦੀ ਲੀਕੇਜ਼ ਅਤੇ ਗੰਦੇ ਪਾਣੀ ਦੀ ਸ਼ਿਕਾਇਤ 12 ਘੰਟੇ ਵਿਚ ਠੀਕ ਕੀਤੀ ਜਾਵੇਗਾ ਆਦਿ ਅਨੇਕਾਂ ਸ਼ਰਤਾਂ ਹਨ ਪਰੰਤੂ ਇਹਨ੍ਹਾਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੀਵਰੇਜ ਓਵਰਫਲੋ ਰਹਿੰਦਾ ਹੈ। ਸੀਵਰੇਜ ਬੰਦ ਦੀ 24 ਘੰਟੇ ਅੰਦਰ ਸ਼ਿਕਾਇਤ ਦੂਰ ਨਹੀਂ ਕੀਤੀ ਜਾਂਦੀ। ਉਨ੍ਹਾਂ ਡਿਪਟੀ ਕਮਿਸ਼ਰਨ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਦੀ ਸੌ ਫੀਸਦੀ ਸਫ਼ਾਈ ਕਰਵਾਈ ਜਾਵੇ ਅਤੇ ਸੀਵਰੇਜ ਬੋਰਡ ਅਤੇ ਸਬੰਧਤ ਕੰਪਨੀ ਖ਼ਿਲਾਫ਼ ਸਖਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਸਤਿੰਦਰ ਸੈਣੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਦੋ ਦਿਨਾਂ ਬਾਅਦ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਸਬੰਧਤ ਕੰਪਨੀ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਲਈ ਹੈ ਜਿਸ ਵਿਚ ਕੁੱਝ ਨਗਰ ਕੌਂਸਲਰ ਵੀ ਸ਼ਾਮਲ ਹੋਣਗੇ।