ਸੀਵਰੇਜ ਸਮੱਸਿਆ ਦਾ ਹੱਲ ਨਾ ਹੋਣ ਤੋਂ ਲੋਕ ਔਖੇ
ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 17 ਅਗਸਤ
ਇੱਥੇ ਨਸ਼ਹਿਰਾ ਰੋਡ ਸਥਿਤ ਮੁਹੱਲਾ ਮੱਖਣ ਕੈਂਚੀਆਂ ਵਾਲਾ ਦੇ ਵਸਨੀਕਾਂ ਨੇ ਐੱਸਡੀਐੱਮ ਮਾਲੇਰਕੋਟਲਾ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਕਿ ਮੁਹੱਲਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਮੁਹੱਲਾ ਵਾਸੀ ਮੱਖਣ ਸਿੰਘ, ਰਾਜੇਸ਼ ਕੁਮਾਰ ਅਸ਼ੋਕ ਕੁਮਾਰ, ਨਰੇਸ਼ ਕੁਮਾਰ ਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਅੰਦਰ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀ ਵਿੱਚ ਖੜ੍ਹਾ ਰਹਿੰਦਾ ਹੈ। ਇਸ ਕਾਰਨ ਜਿੱਥੇ ਮੁਹੱਲਾ ਵਾਸੀਆਂ ਨੂੰ ਮੁਹੱਲੇ ’ਚੋਂ ਲੰਘਣ ਵਿੱਚ ਦਿੱਕਤ ਆ ਰਹੀ ਹੈ, ਉੱਥੇ ਗੰਦੇ ਪਾਣੀ ਦੀ ਬਦਬੂ ਨੇ ਜਿਊਣਾ ਦੁੱਭਰ ਕੀਤਾ ਹੋਇਆ ਹੈ। ਮੁਹੱਲੇ ’ਚ ਗੰਦਾ ਪਾਣੀ ਖੜ੍ਹਨ ਕਾਰਨ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਹੈ। ਕਿਸੇ ਸਮੇਂ ਵੀ ਕੋਈ ਬਿਮਾਰੀ ਫੈਲ ਸਕਦੀ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ। ਇਸ ਸਬੰਧੀ ਉਹ 23 ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਆਨਲਾਈਨ ਸ਼ਿਕਾਇਤ ਵੀ ਕਰ ਚੁੱਕੇ ਹਨ, ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਹੋ ਸਕਿਆ।