ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ
ਐਨਪੀ ਧਵਨ
ਪਠਾਨਕੋਟ, 6 ਅਕਤੂਬਰ
ਸੁਜਾਨਪੁਰ-ਜੰਮੂ ਨੈਸ਼ਨਲ ਹਾਈਵੇਅ ’ਤੇ ਰਾਤ ਸਮੇਂ ਬਾਰਸ਼ ਹੋਣ ਨਾਲ ਗੁਗਰਾਂ ਦੇ ਨਜ਼ਦੀਕ ਰੇਲਵੇ ਅੰਡਰਪਾਸ ਵਿੱਚ ਪਾਣੀ ਭਰਿਆ ਹੋਣ ਕਰ ਕੇ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲਾਇਨਜ਼ ਕਲੱਬ ਸੁਜਾਨਪੁਰ ਦੇ ਆਗੂ ਸੁਰੇਸ਼ ਮਹਾਜਨ ਰਾਜੂ, ਪ੍ਰਧਾਨ ਸੁਰਿੰਦਰ ਸ਼ਰਮਾ, ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਮਹਾਜਨ, ਲਾਇਨ ਸਤੀਸ਼ ਸ਼ਰਮਾ, ਪ੍ਰਿੰਸੀਪਲ ਤ੍ਰਿਭੁਵਨ ਸਿੰਘ, ਪ੍ਰਸ਼ੋਤਮ ਮਹਾਜਨ, ਮੋਹਨ ਲਾਲ ਡੋਗਰਾ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਸ਼ੋਕ ਕੁਮਾਰ, ਡਾ. ਘਣਸ਼ਿਆਮ ਰਾਏ ਸ਼ਰਮਾ, ਡਾ. ਨਰੇਸ਼ ਅਗਨੀਹੋਤਰੀ ਆਦਿ ਨੇ ਦੱਸਿਆ ਕਿ ਲੰਘੀ ਰਾਤ ਬਾਰਸ਼ ਹੋਣ ਨਾਲ ਨੈਸ਼ਨਲ ਹਾਈਵੇਅ ’ਤੇ ਰੇਲਵੇ ਅੰਡਰਪਾਸ ਥੱਲ੍ਹੇ ਪਾਣੀ ਭਰ ਗਿਆ। ਇਸ ਨਾਲ ਉਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਤ ਇਹ ਬਣ ਗਈ ਕਿ ਰਾਤ ਦੇ ਸਮੇਂ ਗੱਡੀਆਂ ਦਾ ਜਾਮ ਵੀ ਲੱਗ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇਅ ਰੋਡ ਸੁਜਾਨਪੁਰ-ਜੰਮੂ ਰੇਲਵੇ ਅੰਡਰਪਾਸ ਥੱਲ੍ਹੇ ਬਰਸਾਤਾਂ ਵੇਲੇ ਖੜ੍ਹੇ ਹੋ ਰਹੇ ਪਾਣੀ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ।