ਰੇਲਵੇ ਮੈਦਾਨ ਅੱਗੇ ਮੈਡੀਕਲ ਰਹਿੰਦ-ਖੂੰਹਦ ਸੁੱਟਣ ਕਾਰਨ ਲੋਕ ਪ੍ਰੇਸ਼ਾਨ
ਮਨੋਜ ਸ਼ਰਮਾ
ਬਠਿੰਡਾ, 5 ਅਕਤੂਬਰ
ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਰਹਿੰਦ-ਖੂੰਹਦ (ਮੈਡੀਕਲ ਵੇਸਜ) ਨੂੰ ਖੁੱਲ੍ਹੇ ਵਿਚ ਸੁੱਟਣ ’ਤੇ ਪਾਬੰਦੀ ਦੇ ਬਾਵਜੂਦ ਬਠਿੰਡਾ ਦੇ ਰੇਲਵੇ ਮੈਦਾਨ ਨੇੜੇ ਸ਼ਰੇਆਮ ਮੈਡੀਕਲ ਵੇਸਟ ਸੁੱਟੀ ਜਾ ਰਹੀ ਹੈ। ਇਹ ਕੂੜਾ ਸੁੱਟਣ ਦਾ ਮਾਮਲਾ ਲਗਾਤਾਰ ਕਈ ਮਹੀਨਿਆਂ ਤੋਂ ਜਾਰੀ ਹੈ ਤੇ ਇਸ ਕਾਰਨ ਇੱਥੋਂ ਲੰਘਣ ਵਾਲੇ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਮੈਡੀਕਲ ਵੇਸਟ ਜਿਵੇਂ ਖ਼ੂਨ ਨਾਲ ਲੱਥਪੱਥ ਪੱਟੀਆਂ, ਸਰਿੰਜਾਂ, ਬੋਤਲ, ਖ਼ਾਲੀ ਡੱਬੇ ਹੋਰ ਅਣਵਰਤੀਆਂ ਦਵਾਈਆਂ ਸਮੇਤ ਹੋਰ ਸਾਜੋ ਸਾਮਾਨ ਰੇਲਵੇ ਮੈਦਾਨ ਦੇ ਗੇਟ ਅੱਗੇ ਕੂੜਾਦਾਨਾਂ ਕੋਲ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਾਮਾਨ ਸੁੱਟਣ ਵਾਲੇ ਦਾ ਕੋਈ ਨਹੀਂ ਪਤਾ ਉਹ ਕੌਣ ਹੈ। ਜ਼ਿਕਰਯੋਗ ਹੈ ਕਿ ਇਸ ਮੈਦਾਨ ਵਿੱਚ ਖਿਡਾਰੀਆਂ ਵੱਲੋਂ ਅਭਿਆਸ ਕਰਨ ਦੇ ਨਾਲ ਨਾਲ ਸਥਾਨਕ ਲੋਕ ਵਿੱਚ ਸੈਰ ਕਰਨ ਆਉਂਦੇ ਹਨ। ਸਿਹਤ ਸਬੰਧੀ ਚੇਤਨ ਲੋਕਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਨਸ਼ੇੜੀ ਖੁੱਲ੍ਹੇ ’ਚ ਸੁੱਟੀਆਂ ਸਰਿੰਜਾਂ ਨੂੰ ਵਰਤ ਸਕਦੇ ਹਨ, ਜਿਸ ਨਾਲ ਕਾਲਾ ਪੀਲੀਆ, ਐੱਚਆਈ ਵਰਗੇ ਖ਼ਤਰਨਾਕ ਰੋਗ ਲੱਗ ਸਕਦੇ ਹਨ। ਬਠਿੰਡਾ ਵਾਸੀਆਂ ਨੇ ਮੰਗ ਕੀਤੀ ਕਿ ਨਗਰ ਨਿਗਮ ਬਠਿੰਡਾ ਅਤੇ ਸਿਹਤ ਵਿਭਾਗ ਇੱਕ ਸਾਂਝੀ ਟੀਮ ਬਣਾ ਕੇ ਸਪੀਕਰ ਰਾਹੀਂ ਚਿਤਾਵਨੀ ਦੇਵੇ ਕਿ ਕੋਈ ਹਸਪਤਾਲ ਜਾ ਮੁਹੱਲੇ ਅੰਦਰ ਚੱਲ ਰਹੀਆਂ ਕਲੀਨਿਕਾਂ ਖੁੱਲ੍ਹੇ ਵਿਚ ਮੈਡੀਕਲ ਵੇਸਟ ਸੁੱਟਣ ਤੋਂ ਗੁਰੇਜ਼ ਕਰਨ। ਇਸ ਸਬੰਧੀ ਬਠਿੰਡਾ ਰੇਲਵੇ ਦੇ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਨਜਾਣਤਾ ਪ੍ਰਗਟ ਕੀਤੀ। ਬਠਿੰਡਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦਾ ਕਹਿਣਾ ਹੈ ਕਿ ਮੈਡੀਕਲ ਵੇਸਟ ਨੂੰ ਖੁੱਲ੍ਹੇ ਵਿੱਚ ਸੁੱਟਣ ’ਤੇ ਪਾਬੰਦੀ ਲੱਗੀ ਹੈ। ਉਹ ਖੁਦ ਮਾਮਲੇ ਨੂੰ ਵੇਖਣਗੇ। ਇਸ ਮਾਮਲੇ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ।