For the best experience, open
https://m.punjabitribuneonline.com
on your mobile browser.
Advertisement

ਦਫ਼ਤਰੀ ਬਾਬੂਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

07:57 AM Nov 25, 2023 IST
ਦਫ਼ਤਰੀ ਬਾਬੂਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ
ਬਠਿੰਡਾ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਮਨਿਸਟੀਰੀਅਲ ਕਰਮਚਾਰੀ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 24 ਨਵੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਜਾਰੀ ਹੜਤਾਲ ਦੌਰਾਨ ਅੱਜ ਇਥੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਤੋਂ ਪਹਿਲਾਂ ਯੂਨੀਅਨ ਵਰਕਰ ਮਿਨੀ ਸਕੱਤਰੇਤ ਨੇੜੇ ਇਕੱਠੇ ਹੋਏ ਅਤੇ ਮਾਰਚ ਦੇ ਰੂਪ ’ਚ ਬੱਸ ਅੱਡਾ ਚੌਕ ਵਿੱਚ ਪੁੱਜੇ ਅਤੇ ਇਥੇ ਉਨ੍ਹਾਂ ਪੁਤਲਾ ਸਾੜਿਆ। ਮੁਲਾਜ਼ਮਾਂ ਦੀ ਕਲਮ ਛੋੜ ਇਸ ਹੜਤਾਲ ਕਾਰਣ ਸਰਕਾਰੀ ਦਫ਼ਤਰਾਂ ’ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਪੇਅ-ਕਮਿਸ਼ਨ ਦੀਆਂ ਕਮੀਆਂ ਦੂਰ ਕੀਤੀਆਂ ਜਾਣ। ਬਕਾਇਆ ਰਾਸ਼ੀ ਦਿੱਤੀ ਜਾਵੇ। ਡੀਏ ਦਾ 12 ਫੀਸਦੀ ਬਕਾਇਆ ਤੁਰੰਤ ਐਲਾਨਿਆ ਜਾਵੇ। ਏਸੀਪੀ ਸਕੀਮ ਲਾਗੂ ਕੀਤੀ ਜਾਵੇ। 200 ਰੁਪਏ ਵਿਕਾਸ ਟੈਕਸ ਵਾਪਸ ਲਿਆ ਜਾਵੇ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਮੰਗਾਂ ਨਾ ਮੰਨਣ ਤੱਕ ਹੜਤਾਲ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਗਈ।
ਫਾਜ਼ਿਲਕਾ (ਪਰਮਜੀਤ ਸਿੰਘ): ਮਨਿਸਟੀਰੀਅਲ ਕਾਮਿਆਂ ਦੀ ਕਲਮਛੋੜ ਹੜਤਾਲ 8 ਨਵੰਬਰ ਤੋਂ ਰਾਜਭਰ ਦੇ ਪੰਜਾਹ ਦੇ ਕਰੀਬ ਵਿਭਾਗਾਂ ਵਿੱਚ ਜਾਰੀ ਹੈ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋਂ ਕਲੈਰੀਕਲ ਕਾਡਰ ਦੀਆ ਮੰਗਾਂ ਲਈ ਜ਼ਿਲ੍ਹਾ ਹੈਡਕੁਆਰਟਰਾਂ ਤੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀਆਂ ਰੈਲੀਆ ਕਰਨ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰੇ ਕਰ ਕੇ ਪੰਜਾਬ ਸਰਕਾਰ/ ਮੁੱਖ ਮੰਤਰੀ ਦੀਆ ਅਰਥੀਆਂ ਸਾੜਨ ਦੇ ਫ਼ੈਸਲੇ ਤਹਿਤ ਅੱਜ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਾਥੀ ਅਮਰਜੀਤ ਸਿੰਘ ਚਾਵਲਾ ਨੇ ਕੀਤੀ। ਰੈਲੀ ਨੂੰ ਡੀਸੀ ਦਫਤਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸਾਥੀ ਸੁਨੀਲ ਕੁਮਾਰ ਕਬੋਜ ਨੇ ਸਬੋਧਨ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ’ਤੇ ਮਾਨਸਾ ਜ਼ਿਲ੍ਹੇ ਦੇ ਸਮੂਹ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਆਰੰਭ ਕੀਤੀ ਕਲਮ ਛੋੜ ਹੜਤਾਲ ਦੇ 17ਵੇਂ ਦਿਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਅਤੇ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਜਸਵੰਤ ਸਿੰਘ ਮੌਜੋ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ, ਉਸ ’ਤੇ ਖ਼ਰੀ ਨਹੀਂ ਉਤਰੀ, ਜਿਸ ਕਾਰਨ ਮੁਲਾਜ਼ਮਾਂ ਨੂੰ ਹੜਤਾਲ ਕਰ ਕੇ ਆਪਣਾ ਕੰਮ ਛੱਡਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।

Advertisement

ਸਰਕਾਰ ਦੇ ਵਾਅਦਿਆਂ ਦੀ ਪੰਡ ਫੂਕੀ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕਪ੍ਰੀਤ): ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਕਾਰਨ ਦਫਤਰਾਂ ਵਿੱਚ ਪਿਛਲੇ 17 ਦਿਨਾਂ ਤੋਂ ਕੰਮਕਾਜ ਠੱਪ ਪਿਆ ਹੈ, ਜਿਸ ਕਰ ਕੇ ਲੋਕ ਖੱਜਲ ਖੁਆਰ ਹੋ ਰਹੈ ਹਨ। ਡਿਪਟੀ ਕਮਿਸ਼ਨਰ, ਐੱਸਡੀਐੱਮ, ਤਹਿਸੀਲਦਾਰ ਅਤੇ ਸਿਹਤ ਵਿਭਾਗ ਵਰਗੇ ਦਰਜ਼ਨਾਂ ਦਫਤਰਾਂ ’ਚ ਲੋਕ ਕੰਮਕਾਰਾਂ ਲਈ ਆਉਂਦੇ ਹਨ ਪਰ ਅੱਗੋਂ ਹੜਤਾਲ ਹੋਣ ਕਰ ਕੇ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ। ਮੁਲਾਜ਼ਮ ਆਗੂ ਖੁਸ਼ਕਰਨਜੀਤ ਸਿੰਘ, ਪੁਸ਼ਪਿੰਦਰ ਸਿੰਘ, ਹਰਜਿੰਦਰ ਸਿੰਘ ਸਿੱਧੂ, ਨਛੱਤਰ ਸਿੰਘ ਮਧੀਰ ਅਤੇ ਕਾਲਾ ਸਿੰਘ ਬੇਦੀ ਹੋਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਦਫਤਰਾਂ ਦਾ ਕੰਮ ਕਾਜ ਜਲਦੀ ਚਾਲੂ ਕਰਾਵੇ। ਇਸ ਦੌਰਾਨ ਇਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਮਨਿਸਟੀਰੀਅਲ ਕਾਮਿਆਂ ਨੇ ‘ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੰਡ’ ਨੂੰ ਅੱਗ ਲਾ ਕੇ ਆਪਣਾ ਰੋਸ ਜ਼ਾਹਿਰ ਕੀਤਾ।

Advertisement

Advertisement
Author Image

joginder kumar

View all posts

Advertisement