ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਨਵੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਵੱਲੋਂ ਮੰਗਾਂ ਦੇ ਹੱਕ ਵਿੱਚ ਕੀਤੀ ਜਾ ਰਹੀ ਹੜਤਾਲ 10ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅੱਜ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਬਾਹਰ ਸਮੂਹ ਦਫ਼ਤਰੀ ਕਾਮਿਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਖ-ਵੱਖ 56 ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ ਨੇ ਹਿੱਸਾ ਲਿਆ।
ਇਸ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਕਰਵਾਉਣ ਆਏ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਪ੍ਰਮੁੱਖ ਤੌਰ ’ਤੇ ਰਜਿਸਟਰੀਆਂ ਦਾ ਕੰਮ, ਚਲਾਨ, ਲਾਈਸੈਂਸ ਅਤੇ ਤਹਿਸੀਲ ਪੱਧਰ ਦੇ ਕੰਮ ਮੁਕੰਮਲ ਤੌਰ ’ਤੇ ਬੰਦ ਹਨ। ਅੱਜ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵੀ ਹੜਤਾਲ ਦਾ ਸਮਰਥਨ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੜਤਾਲੀ ਮੁਲਾਜ਼ਮਾਂ ਨੂੰ ਹਰ ਪੱਖੋਂ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਮਨਿਸਟੀਰੀਅਲ ਕਾਮਿਆਂ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ, ਕੇਂਦਰ ਸਰਕਾਰ ਦੀ ਤਰਜ਼ ’ਤੇ 46 ਫੀਸਦੀ ਮਹਿੰਗਾਈ ਭੱਤਾ, 15-01-2015 ਅਤੇ 17-07-2020 ਦੇ ਮੁਲਾਜ਼ਮ ਮਾਰੂ ਪੱਤਰ ਵਾਪਿਸ ਲੈਣਾ, 4,9,14 ਏਸੀਪੀ ਸਕੀਮ ਦੀ ਮੁੜ ਬਹਾਲੀ ਅਤੇ 01-01-2016 ਤੋਂ 30-06-2021 ਤੱਕ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਆਦਿ ਮੰਗਾਂ ਦੀ ਪੂਰਤੀ ਲਈ ਰੋਸ ਵਜੋਂ ਹੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁੱਖ ਬੁਲਾਰੇ ਸੰਜੀਵ ਭਾਰਗਵ, ਸੰਦੀਪ ਭਾਬਕ, ਤਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਦਲੀਪ ਸਿੰਘ, ਹਰਬੰਤ ਸਿੰਘ ਮਾਂਗਟ, ਸੁਸ਼ੀਲ ਕੁਮਾਰ, ਨਿਰਮਲ ਸਿੰਘ ਲਲਤੋਂ, ਵਰਿੰਦਰ ਕੁਮਾਰ, ਅਕਾਸ਼ਦੀਪ, ਰਵੀ ਕੁਮਾਰ, ਵਿਨੋਦ ਕੁਮਾਰ, ਦਵਿੰਦਰ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਗਰੇਵਾਲ, ਡਾ. ਮਹਿੰਦਰ ਸਿੰਘ ਸ਼ਾਰਧਾ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਵੱਲੋਂ ਮੰਗਾਂ ਸਬੰਧੀ ਫ਼ੈਸਲਾ ਨਹੀਂ ਲਿਆ ਜਾਂਦਾ।