ਤਹਿਸੀਲ ਦਫ਼ਤਰ ’ਚ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ
ਜੋਗਿੰਦਰ ਸਿੰਘ ਓਬਰਾਏ
ਖੰਨਾ, 26 ਜੁਲਾਈ
ਰੋਪੜ ’ਚ ਵਿਧਾਇਕ ਵੱਲੋਂ ਤਹਿਸੀਲ ਦਫ਼ਤਰ ਦੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਦੇ ਦੋਸ਼ ਲਾਉਂਦਿਆਂ ਪੰਜਾਬ ਭਰ ਦੇ ਡੀਸੀ, ਐਸਡੀਐਮ, ਤਹਿਸੀਲ ਦਫ਼ਤਰਾਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ ਜਿਸ ਦਾ ਅਸਰ ਇਥੋਂ ਦੇ ਤਹਿਸੀਲ ਦਫ਼ਤਰਾਂ ਵਿਚ ਅੱਜ ਦੂਜੇ ਦਨਿ ਵੀ ਦੇਖਣ ਨੂੰ ਮਿਲਿਆ। ਹੜਤਾਲ ਕਾਰਨ ਤਹਿਸੀਲ ਦਫ਼ਤਰ ‘ਚ ਪਬਲਿਕ ਡੀਲਿੰਗ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਵਿਧਾਇਕ ਮੁਆਫ਼ੀ ਨਹੀਂ ਮੰਗਦੇ। ਜਿੱਥੇ ਹੜਤਾਲ ਕਾਰਨ ਜਾਇਦਾਦ ਦੀ ਰਜਿਸਟ੍ਰੇਸ਼ਨ ਦਾ ਕੰਮ ਠੱਪ ਰਿਹਾ, ਇਸ ਦੇ ਨਾਲ ਹੀ ਜਾਤੀ ਸਰਟੀਫ਼ਿਕੇਟ, ਮੈਰਿਜ ਰਜਿਸਟ੍ਰੇਸ਼ਨ ਨਾਲ ਸਬੰਧਤ ਕੰਮ, ਐਫੀਡੇਵਿਟ ਤਸਦੀਕ ਕਰਾਉਣ, ਤਹਿਸੀਲ ਦਫਤਰ ਦੀ ਅਦਾਲਤ ਨਾਲ ਸਬੰਧਤ ਕੰਮ ਤੇ ਮਾਰਕੀਟਿੰਗ ਆਦਿ ਦਾ ਕੰਮ ਬੰਦ ਰਿਹਾ ਜਨਿ੍ਹਾਂ ਲੋਕਾਂ ਨੇ ਰਜਿਸਟੇਸ਼ਨ ਕਰਵਾਉਣ ਲਈ ਤਰੀਕ ਲਈ ਸੀ ਉਨ੍ਹਾਂ ਨੂੰ ਬਨਿ੍ਹਾਂ ਰਜਿਸਟ੍ਰੇਸ਼ਨ ਕਰਵਾਏ ਵਾਪਸ ਜਾਣਾ ਪਿਆ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਮੌਕੇ ਕੰਮ ਕਰਵਾਉਣ ਆਏ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਤਹਿਸੀਲਦਾਰ ਦੇ ਦਫ਼ਤਰ ਵਿਚ ਜਾਤੀ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਸੀ। ਅੱਜ ਫਾਈਲ ਕਲੀਅਰ ਕਰਵਾਉਣ ਲਈ ਤਹਿਸੀਲ ਦਫ਼ਤਰ ਆਏ ਸਨ ਪਰ ਹੜਤਾਲ ਕਾਰਨ ਕੋਈ ਅਧਿਕਾਰੀ ਨਹੀਂ ਮਿਲਿਆ। ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਰਜਿਸਟਰੀ ਕਰਵਾਉਣ ਆਏ ਸਨ ਪਰ ਹੜਤਾਲ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸ ਸਬੰਧੀ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਯੂਨੀਅਨ ਦੇ ਸੱਦੇ ਤੇ ਕਲਮ ਛੋੜ ਹੜਤਾਲ ਕੀਤੀ ਗਈ ਹੈ।