ਮਿਨੀ ਸਕੱਤਰੇਤ ਨੇੜੇ ਆਂਡਿਆਂ ਦੀਆਂ ਰੇਹੜੀਆਂ ਕਾਰਨ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 17 ਜੁਲਾਈ
ਇੱਥੇ ਮਿਨੀ ਸਕੱਤਰੇਤ ਨੇੜੇ ਅੰਡਰ ਬ੍ਰਿਜ ਰੋਡ ’ਤੇ ਬਣੇ ਈਐੱਸਆਈ ਹਸਪਤਾਲ ਦੇ ਸਾਹਮਣੇ ਸ਼ਾਮ ਢਲਦੇ ਹੀ ਸ਼ਰਾਬ ਪੀਣ ਵਾਲਿਆਂ ਦੀ ਮਹਿਫ਼ਲਾਂ ਸਜਣ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਇੱਥੇ ਨਾਜਾਇਜ਼ ਤੌਰ ’ਤੇ ਖੜ੍ਹ ਦੀਆਂ ਆਂਡੇ ਮੀਟ ਦੀਆਂ ਰੇਹੜੀਆਂ ’ਤੇ ਸ਼ਰਾਬ ਪੀਣ ਦੇ ਸ਼ੌਕੀਨਾਂ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਕਲੋਨੀ ਵਾਸੀਆਂ ਨੇ ਦੱਸਿਆ ਕਿ ਸ਼ਾਮ ਨੂੰ ਈਐੱਸਆਈ ਹਸਪਤਾਲ ਸਾਹਮਣੇ ਨਾਜਾਇਜ਼ ਖੜ੍ਹਦੀਆਂ ਆਂਡੇ ਮੀਟ ਦੀਆਂ ਰੇਹੜੀਆਂ ਕਾਰਨ ਇੱਥੇ ਸ਼ਾਮ ਢਲਦੇ ਹੀ ਸ਼ਰਾਬੀ ਪੀਣ ਵਾਲੇ ਆ ਜਾਂਦੇ ਹਨ, ਜੋ ਸਾਰੀ ਰਾਤ ਸ਼ੋਰ ਸ਼ਰਾਬਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਕਲੋਨੀ ਵਾਸੀਆਂ ਦਾ ਲੰਘਣਾ ਔਖਾ ਪਿਆ ਹੈ। ਸੂਤਰਾਂ ਅਨੁਸਾਰ ਰੇਹੜੀ ਵਾਲੇ ਸਬੰਧਤ ਪੁਲੀਸ ਚੌਕੀ ਨੂੰ ਬਕਾਇਦਾ ਮਹੀਨਾ ਦਿੰਦੇ ਹਨ, ਜਿਸ ਕਰਕੇ ’ਤੇ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ। ਲੋਕਾਂ ਨੇ ਮੰਗ ਕੀਤੀ ਕਿ ਆਂਡੇ ਮੀਟ ਦੀਆਂ ਰੇਹੜੀਆਂ ਨੂੰ ਚੁਕਵਾਇਆ ਜਾਵੇ। ਮੁੱਖ ਥਾਣਾ ਅਫ਼ਸਰ ਸਿਟੀ ਰਾਜਪੁਰਾ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਹੁਣੇ ਆਇਆ ਹੈ ਤੇ ਸਮੱਸਿਆ ਨੂੰ ਛੇਤੀ ਹੱਲ ਕੀਤਾ ਜਾਵੇਗਾ।