For the best experience, open
https://m.punjabitribuneonline.com
on your mobile browser.
Advertisement

ਖੇਤਾਂ ਵਿਚੋਂ ਆਉਂਦੇ ਤੇਲੇ ਕਾਰਨ ਲੋਕ ਪ੍ਰੇਸ਼ਾਨ

10:50 AM Oct 14, 2024 IST
ਖੇਤਾਂ ਵਿਚੋਂ ਆਉਂਦੇ ਤੇਲੇ ਕਾਰਨ ਲੋਕ ਪ੍ਰੇਸ਼ਾਨ
ਇੱਕ ਘਰ ਵਿੱਚ ਝਾੜੂ ਨਾਲ ਇਕੱਠੇ ਕੀਤੇ ਤੇਲੇ ਦੀ ਲੱਗੀ ਢੇਰੀ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 13 ਅਕਤੂਬਰ
ਆਥਣ ਵੇਲੇ ਜਿਵੇਂ ਹੀ ਲਾਈਟਾਂ ਜਗਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਕਾਲੇ ਰੰਗ ਦਾ ਤੇਲਾ ਲਾਈਟਾਂ ’ਤੇ ਆ ਕੇ ਮੰਡਰਾਉਣ ਲੱਗਦਾ ਹੈ। ਸਟਰੀਟ ਲਾਈਟਾਂ ਤਾਂ ਕੀ ਘਰਾਂ ਅਤੇ ਦੁਕਾਨਾਂ ਦੇ ਅੰਦਰ ਤੱਕ ਇਹ ਤੇਲਾ ਹਮਲਾ ਕਰਦਾ ਹੈ। ਅੰਤ ਨੂੰ ਇਨ੍ਹਾਂ ਤੋਂ ਬਚਣ ਲਈ ਦੁਕਾਨਾਂ ਅਤੇ ਘਰਾਂ ਦੀਆਂ ਬੱਤੀਆਂ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਇਕ ਤਰ੍ਹਾਂ ਨਾਲ ਬਲੈਕ ਆਊਟ ਜਿਹਾ ਹੋ ਜਾਂਦਾ ਹੈ।
ਕੁਝ ਕੁ ਸੁਆਣੀਆਂ ਦਾ ਕਹਿਣਾ ਹੈ ਕਿ ਸ਼ਾਮ ਦਾ ਖਾਣਾ ਉਨ੍ਹਾਂ ਨੂੰ ਦਿਨ ਛਿਪਣ ਤੋਂ ਪਹਿਲਾਂ ਹੀ ਬਣਾਉਣਾ ਪੈਂਦਾ ਹੈ ਕਿਉਂਕਿ ਜੇ ਕਿਧਰੇ ਹਨੇਰਾ ਹੋ ਜਾਵੇ ਤਾਂ ਲਾਈਟਾਂ ਦੇ ਵਿਚ ਏਨਾ ਜ਼ਿਆਦਾ ਤੇਲਾ ਆ ਜਾਂਦਾ ਹੈ ਕਿ ਖਾਣਾ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉੱਠ ਕੇ ਝਾੜੂ ਕਰਨ ਮੌਕੇ ਮਰੇ ਹੋਏ ਤੇਲੇ ਦੀਆਂ ਵੱਡੀਆਂ ਵੱਡੀਆਂ ਢੇਰੀਆਂ ਲੱਗ ਜਾਂਦੀਆਂ ਹਨ।
ਅਰਵਿੰਦ ਨਾਂ ਦੇ ਇਕ ਹੋਟਲ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੂੰ ਭੋਜਨ ਨੂੰ ਇਸ ਅਜੀਬ ਕਿਸਮ ਦੇ ਕੀਟਾਂ ਤੋਂ ਬਚਾਉਣ ਲਈ ਲਾਈਟਾਂ ਬੰਦ ਰੱਖਣੀਆਂ ਪੈਂਦੀਆਂ ਹਨ। ਗਾਹਕਾਂ ਅੱਗੇ ਪਰੋਸਣ ਤੋਂ ਪਹਿਲਾਂ ਭੋਜਨ ਨੂੰ ਦੋ-ਤਿੰਨ ਵਾਰ ਚੈੱਕ ਕੀਤਾ ਜਾਂਦਾ ਹੈ। ਇਸ ਸਬੰਧੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾ. ਕੇਐਸ ਸੂਰੀ ਨੇ ਕਿਹਾ ਕਿ ਕਿਸਾਨੀ ਭਾਸ਼ਾ ਵਿਚ ਇਸ ਨੂੰ ਕਾਲਾ ਤੇਲਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਪੈਂਦਾ ਹੈ। ਜਿੰਨਾ ਚਿਰ ਝੋਨੇ ਦਾ ਬੂਟਾ ਨਰਮ ਰਹਿੰਦਾ ਹੈ ਓਨਾਂ ਚਿਰ ਇਹ ਉਸਦਾ ਰਸ ਪੀਂਦਾ ਹੈ, ਜਦੋਂ ਬੂਟਾ ਪੱਕ ਜਾਂਦਾ ਹੈ ਤਾਂ ਇਹ ਰਸ ਨਹੀਂ ਪੀ ਸਕਦਾ ਅਤੇ ਇਹ ਹੋਰਨਾਂ ਕੀਟਾਂ ਵਾਂਗ ਲਾਈਟਾਂ ਵੱਲ ਭੱਜਦਾ ਹੈ। ਇਸ ਵਾਰ ਲਾਈਟਾਂ ਤੇ ਇਹ ਵੱਡੀ ਗਿਣਤੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਹ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਾਇਕ ਡਾਇਰੈਕਟਰ ਡਾ. ਮਨਦੀਪ ਸਿੰਘ ਨੇ ਕਿਹਾ ਕਿ ਇਸਤੋਂ ਬਚਾਓ ਲਈ ਲਾਈਟਾਂ ਬੰਦ ਰੱਖਣੀਆਂ ਅਤੇ ਦੁਪਹੀਆ ਵਾਹਨ ਚਾਲਕਾਂ ਨੂੰ ਆਪਣਾ ਮੂੰਹ ਸਿਰ ਢਕ ਕੇ ਰਖਣਾ ਚਾਹੀਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਰੀਬ ਹਫਤੇ ਤੱਕ ਇਸ ਤੋਂ ਛੁਟਕਾਰਾ ਮਿਲ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement