ਸਬਜ਼ੀ ਮੰਡੀ ਦੀ ਸੜਕ ਪੁੱਟਣ ਕਾਰਨ ਲੋਕ ਪ੍ਰੇਸ਼ਾਨ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਅਕਤੂਬਰ
ਇੱਥੇ ਸਥਾਨਕ ਦਾਣਾ ਮੰਡੀ ਵਿੱਚ ਸਥਿਤ ਸਬਜ਼ੀ ਮੰਡੀ ਦੀਆਂ ਦੁਕਾਨਾਂ ਅੱਗੇ ਬਣੀ ਸੜਕ ਠੇਕੇਦਾਰ ਵੱਲੋਂ ਨਵੀਂ ਬਣਾਉਣ ਲਈ ਪੁੱਟ ਕੇ ਤਾਂ ਸੁੱਟ ਦਿੱਤੀ ਪਰ ਮੁੜ ਕੇ ਉਸਦਾ ਨਿਰਮਾਣ ਸ਼ੁਰੂ ਨਾ ਕੀਤਾ ਜਿਸ ਕਾਰਨ ਆੜ੍ਹਤੀ ਤੇ ਲੋਕ ਪ੍ਰੇਸ਼ਾਨ ਹਨ। ਮਾਛੀਵਾੜਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਕੁਮਾਰ ਨੇ ਦੱਸਿਆ ਕਿ ਆੜ੍ਹਤੀਆਂ ਦੀਆਂ ਦੁਕਾਨਾਂ ਅੱਗੇ ਮੰਡੀ ਬੋਰਡ ਵਲੋਂ ਨਵੀਂ ਸੜਕ ਬਣਾਉਣ ਦਾ ਇੱਕ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਹੈ ਜਿਸ ਦਾ ਉਸ ਨੇ ਨਵ ਨਿਰਮਾਣ ਕਰਨਾ ਸੀ। ਉਨ੍ਹਾਂ ਦੱਸਿਆ ਕਿ ਕਰੀਬ 1 ਮਹੀਨੇ ਪਹਿਲਾਂ ਠੇਕੇਦਾਰ ਨੇ ਸੜਕ ਦਾ ਨਵ ਨਿਰਮਾਣ ਕਰਨ ਲਈ ਪੁਰਾਣੀ ਸੜਕ ਪੁੱਟ ਦਿੱਤੀ ਜਦਕਿ ਮਲਬਾ ਸੜਕ ’ਤੇ ਛੱਡ ਗਿਆ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਵੇਰੇ ਸੈਂਕੜੇ ਕਿਸਾਨ ਆਪਣੀ ਸਬਜ਼ੀ ਵੇਚਣ ਆਉਂਦੇ ਹਨ ਅਤੇ ਕਈ ਦੁਕਾਨਦਾਰ ਖਰੀਦਣ ਲਈ ਆਉਂਦੇ ਹਨ ਪਰ ਇਹ ਪੁੱਟੀ ਹੋਈ ਸੜਕ ’ਤੇ ਖਿੱਲਰਿਆ ਮਲਬਾ ਸਾਰਿਆਂ ਲਈ ਪ੍ਰੇਸ਼ਾਨੀ ਦਾ ਕਾਰਣ ਬਣਿਆ ਹੈ। ਉਨ੍ਹਾਂ ਕਿਹਾ ਕਿ ਤੜਕੇ ਹਨ੍ਹੇਰਾ ਹੋਣ ਕਾਰਨ ਕਈ ਕਿਸਾਨ ਸੜਕ ’ਤੇ ਖਿੱਲਰੇ ਮਲਬੇ ਕਾਰਨ ਗਿਰੇ ਵੀ ਹਨ ਜਿਸ ਸਬੰਧੀ ਉਨ੍ਹਾਂ ਮਾਰਕੀਟ ਕਮੇਟੀ ਸਕੱਤਰ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਸੜਕ ਦਾ ਨਿਰਮਾਣ ਕਰਵਾਇਆ ਜਾਵੇ। ਆੜ੍ਹਤੀਆਂ ਨੇ ਕਿਹਾ ਕਿ ਜੇਕਰ ਸੜਕ ਦਾ ਨਿਰਮਾਣ ਕਰਨਾ ਹੀ ਨਹੀਂ ਸੀ ਤਾਂ ਪੁਰਾਣੀ ਨੂੰ ਪੁੱਟਣ ਦੀ ਕੀ ਲੋੜ ਸੀ? ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਕਿਹਾ ਕਿ ਉਹ ਆਪਣੀ ਸਮੱਸਿਆ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਮੰਡੀ ਬੋਰਡ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਆੜ੍ਹਤੀਆਂ ਤੇ ਕਿਸਾਨਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਪੁੱਟੀ ਸੜਕ ਦਾ ਤੁਰੰਤ ਨਵ ਨਿਰਮਾਣ ਕਰਵਾਇਆ ਜਾਵੇ।
ਮਾਰਕੀਟ ਕਮੇਟੀ ਸਕੱਤਰ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਇਸ ਸੜਕ ਦਾ ਟੈਂਡਰ ਕੀਤਾ ਹੋਇਆ ਹੈ ਅਤੇ ਉਹ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਕਿ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹਨ ਜਿਸ ਕਾਰਨ ਸੜਕ ਦਾ ਨਿਰਮਾਣ ਜਲਦ ਸ਼ੁਰੂ ਕਰਵਾਇਆ ਜਾਵੇ।
ਜਲਦੀ ਹੀ ਸੜਕ ਦਾ ਕੰਮ ਮੁਕੰਮਲ ਕਰਾਂਗੇ: ਐੱਸਡੀਓ
ਮੰਡੀ ਬੋਰਡ ਦੇ ਐੱਸਡੀਓ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਕਾਰਨ ਸੜਕ ਦਾ ਨਿਰਮਾਣ ਰੁਕਿਆ ਹੈ ਅਤੇ ਜਲਦ ਹੀ ਇਸ ਸੜਕ ਨੂੰ ਮੁਕੰਮਲ ਕਰ ਲਿਆ ਜਾਵੇਗਾ।