ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਜ਼ੱਚਾ-ਬੱਚਾ ਹਸਪਤਾਲ ਦਾ ਅਪਰੇਸ਼ਨ ਥੀਏਟਰ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

07:41 AM Oct 04, 2024 IST
ਬਰਨਾਲਾ ਵਿੱਚ ਡੀਸੀ ਨੂੰ ਮੰਗ ਪੱਤਰ ਦੇਣ ਮਗਰੋਂ ਗੱਲਬਾਤ ਕਰਦੇ ਹੋਏ ਆਗੂ।

ਪਰਸ਼ੋਤਮ ਬੱਲੀ
ਬਰਨਾਲਾ, 3 ਅਕਤੂਬਰ
ਇਥੇ ਸਰਕਾਰੀ ਜ਼ੱਚਾ-ਬੱਚਾ ਹਸਪਤਾਲ ਵਿੱਚ ਅਪਰੇਸ਼ਨ ਥੀਏਟਰ ਮੁਰੰਮਤ ਕਾਰਜ ਕਾਰਨ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੀ ਮੀਟਿੰਗ ਸੋਹਣ ਸਿੰਘ ਮਾਝੀ ਦੀ ਪ੍ਰਧਾਨਗੀ ਹੇਠ ਹੋਈ।
ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਕਿਹਾ ਕਿ ਕਰੀਬ ਮਹੀਨੇ ਭਰ ਤੋਂ ਸਰਕਾਰੀ ਜ਼ੱਚਾ-ਬੱਚਾ ਹਸਪਤਾਲ ਬਰਨਾਲਾ ਦੇ ਅਪਰੇਸ਼ਨ ਥੀਏਟਰ ਨੂੰ ਰੈਨੋਵੇਸ਼ਨ (ਨਵੀਨੀਕਰਨ) ਦੇ ਨਾਂ ’ਤੇ ਬਗੈਰ ਢੁਕਵੇਂ ਬਦਲਵੇਂ ਪ੍ਰਬੰਧ ਕੀਤਿਆਂ ਬੰਦ ਕੀਤਾ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਗਰੀਬ ਮੱਧ ਵਰਗੀ ਪਰਿਵਾਰਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਣੇਪੇ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਡਾਕਟਰਾਂ ਦੀ ਪ੍ਰਾਈਵੇਟ ਹਸਪਤਾਲਾਂ ਨਾਲ ਮਿਲੀਭੁਗਤ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਮੀਟਿੰਗ ਉਪਰੰਤ ਸਿਵਲ ਹਸਪਤਾਲ ਬਚਾਓ ਕਮੇਟੀ ਵਫ਼ਦ ਨੇ ਕਾਰਜਕਾਰੀ ਸਿਵਲ ਸਰਜਨ ਅਤੇ ਡੀਸੀ ਬਰਨਾਲਾ ਨੂੰ ਅਲੱਗ-ਅਲੱਗ ਮੰਗ ਪੱਤਰ ਸੌਂਪ ਕੇ ਉਕਤ ਮਾਮਲੇ ਦੀ ਜਾਂਚ ਤੇ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਪਰੇਸ਼ਨ ਥੀਏਟਰ ਫੌਰੀ ਚਾਲੂ ਕੀਤਾ ਜਾਵੇ, ਬੰਦ ਪਈ ਬੱਚਿਆਂ ਦੀ ਨਰਸਰੀ ਚਾਲੂ ਕੀਤੀ ਜਾਵੇ, ਸਿਵਲ ਹਸਪਤਾਲ ’ਚ ਖਾਲੀ ਪਈਆਂ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ਼ ਪੋਸਟਾਂ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਜਲਦ ਹੀ ਵੱਡਾ ਇਕੱਠ ਸੱਦ ਕੇ ਹਸਪਤਾਲ ’ਚ ਲੁੱਟ ਦਾ ਪਰਦਾਫਾਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਜੱਚਾ ਬੱਚਾ ਹਸਪਤਾਲ ਵਿੱਚ ਪਿਛਲੇ ਸਾਲ 2023 ਵਿੱਚ ਹਰ ਮਹੀਨੇ ਔਸਤ 300 ਜਣੇਪੇ ਦੇ ਅਪ੍ਰੇਸ਼ਨ ਕੀਤੇ ਜਾਂਦੇ ਰਹੇ ਸਨ ਜਿਸ ਦੀ ਗਿਣਤੀ ਹੁਣ ਘਟ ਕੇ ਔਸਤ 150 ਰਹਿ ਗਈ ਹੈ। ਸਤੰਬਰ ਮਹੀਨੇ ਤਾਂ ਇਹ ਗਿਣਤੀ ਰਿਕਾਰਡ ਨਿਮਨ ਪੱਧਰ 20 ਤੱਕ ਡਿੱਗ ਗਈ। ਇਸ ਮੀਟਿੰਗ ਵਿੱਚ ਰਾਜੀਵ ਕੁਮਾਰ, ਖੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਠੀਕਰੀਵਾਲਾ, ਸਤਨਾਮ ਸਿੰਘ ਬਰਨਾਲਾ, ਜਗਜੀਤ ਢਿੱਲਵਾਂ, ਬਹਾਦਰ ਸਿੰਘ ਸੰਘੇੜਾ, ਜੱਗਾ ਸਿੰਘ ਧਨੌਲਾ ਆਦਿ ਆਗੂ ਵੀ ਹਾਜ਼ਰ ਸਨ।

Advertisement

ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿਆਂਗੇ: ਸੀਐੱਮਓ

ਸੀਐੱਮਓ ਡਾ. ਤਪਿੰਦਰਜੋਤ ਜੋਤੀ ਕੌਸ਼ਲ ਨੇ ਕਿਹਾ ਜ਼ੱਚਾ-ਬੱਚਾ ਹਸਪਤਾਲ ਦੇ ਅਪਰੇਸ਼ਨ ਥੀਏਟਰ ਦੀ ਮੁਰੰਮਤ ਸ਼ੁਰੂ ਕਰਨ ਸਮੇਂ ਸਬੰਧਤ ਠੇਕੇਦਾਰ ਨੇ ਮਹਿਜ਼ ਇੱਕ ਹਫ਼ਤੇ ’ਚ ਕੰਮ ਖ਼ਤਮ ਹੋਣ ਬਾਰੇ ਕਿਹਾ ਸੀ ਪਰ ਕਰੀਬ ਤਿੰਨ ਹਫ਼ਤਿਆਂ ਬਾਅਦ ਵੀ ਮੁਕੰਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਘੱਟੋ ਘੱਟ ਦਸ ਦਿਨ ਦਾ ਸਮਾਂ ਹੋਰ ਲੱਗਣ ਦੀ ਸੰਭਾਵਨਾ ਹੈ। ਇਸ ਕਰਕੇ ਦਿੱਕਤ ਆ ਰਹੀ ਹੈ ਪਰ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਕੰਪਲੈਕਸ ਅੰਦਰਲੇ ਸਪੈਸ਼ਲ ਕਮਰਿਆਂ ’ਚ ਅੱਜ ਤੋਂ ਹੀ ਬਦਲਵੇਂ ਪ੍ਰਬੰਧ ਕਰਵਾ ਦਿੱਤੇ ਗਏ ਹਨ। ਮਰੀਜ਼ਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਬਾਕੀ ਕਥਿਤ ਲੁੱਟ ਦੇ ਦੋਸ਼ਾਂ ਬਾਰੇ ਉਨ੍ਹਾਂ ਅਣਜਾਣਤਾ ਪ੍ਰਗਟਾਈ ਤੇ ਕਿਹਾ ਕਿ ਇਸ ਕਿਸਮ ਦੀ ਉਨ੍ਹਾਂ ਨੂੰ ਭਾਵੇਂ ਕੋਈ ਸ਼ਿਕਾਇਤ ਕਿਸੇ ਮਰੀਜ਼ ਵੱਲੋਂ ਪ੍ਰਾਪਤ ਨਹੀਂ ਹੋਈ। ਫਿਰ ਵੀ ਜੇ ਤੱਥ ਸਾਹਮਣੇ ਆਏ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

Advertisement
Advertisement