For the best experience, open
https://m.punjabitribuneonline.com
on your mobile browser.
Advertisement

ਆਵਾਰਾ ਕੁੱਤਿਆਂ ਤੇ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ

07:58 AM Aug 21, 2023 IST
ਆਵਾਰਾ ਕੁੱਤਿਆਂ ਤੇ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਗਸਤ
ਸ਼ਹਿਰ ਵਿੱਚ ਆਵਾਰਾ ਕੁੱਤਿਆਂ ਅਤੇ ਡੰਗਰਾਂ ਦੇ ਕਹਿਰ ਕਾਰਨ ਲੋਕ ਕਾਫ਼ੀ ਦੁਖੀ ਅਤੇ ਪ੍ਰੇਸ਼ਾਨ ਹਨ। ਇਹ ਡੰਗਰ ਜਿੱਥੇ ਰਾਹਗੀਰਾਂ ਲਈ ਵੱਡੀ ਮੁਸ਼ਕਲ ਖੜ੍ਹੀ ਕਰਦੇ ਹਨ, ਉੱਥੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਦਾ ਕਾਫ਼ੀ ਮਾਲੀ ਨੁਕਸਾਨ ਕਰਦੇ ਹਨ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਜੀਟੀ ਰੋਡ, ਸਿਵਲ ਲਾਈਨ, ਘੁਮਾਰ ਮੰਡੀ, ਮਾਡਲ ਟਾਊਨ, ਘੰਟਾ ਘਰ, ਮਿਲਰ ਗੰਜ, ਫੀਲਡ ਗੰਜ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਆਵਾਰਾ ਡੰਗਰ ਆਵਾਜਾਈ ਵਿੱਚ ਵਿਘਨ ਪੈਦਾ ਕਰਨ ਦੇ ਨਾਲ ਨਾਲ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਕਈ ਥਾਵਾਂ‌ ਤੋਂ ਆਵਾਰਾ ਕੁੱਤਿਆਂ ਵੱਲੋਂ ਸਕੂਲ ਜਾਂਦੇ ਬੱਚਿਆਂ ਨੂੰ ਵੱਢਣ ਦੀਆਂ ਖਬਰਾਂ ਵੀ ਮਿਲੀਆਂ ਹਨ।
ਨਗਰ ਨਿਗਮ ਕਮਿਸ਼ਨਰ ਸ਼ੈਨਾ ਅਗਰਵਾਲ ਅਤੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਦੇ ਨਿਰਦੇਸ਼ਾਂ ’ਤੇ ਵੈਟਰਨਰੀ ਹੈਲਥ ਬਰਾਂਚ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਸਾਂਭਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ।‌ ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦਾ ਸਰਵੇ ਸ਼ੁਰੂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਨਗਰ ਨਿਗਮ ਨੇ ਜੁਲਾਈ 2023 ਵਿੱਚ ਜ਼ੋਨ ਏ ਤੋਂ ਆਵਾਰਾ ਪਸ਼ੂਆਂ ਨੂੰ ਚੁੱਕਣਾ ਸ਼ੁਰੂ ਕੀਤਾ ਸੀ। ਨਗਰ ਨਿਗਮ ਨੇ ਸਰਕਾਰੀ ਗਊਸ਼ਾਲਾ, ਸ੍ਰੀ ਗੋਬਿੰਦ ਗਊ ਧਾਮ, ਕ੍ਰਿਸ਼ਨ ਬਲਰਾਮ ਗਊਸ਼ਾਲਾ, ਸੰਤ ਬਾਬਾ ਜਮੀਤ ਸਿੰਘ ਗਊਸ਼ਾਲਾ ਨਾਮਕ ਵੱਖ-ਵੱਖ ਗਊਸ਼ਾਲਾਵਾਂ ਨਾਲ ਸਮਝੌਤਾ ਕੀਤਾ ਹੋਇਆ ਹੈ, ਜਿਥੇ ਆਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਿਆ ਜਾ ਰਿਹਾ ਹੈ। ਸੀਨੀਅਰ ਵੈਟਰਨਰੀ ਅਫ਼ਸਰ ਨਗਰ ਨਿਗਮ ਡਾ. ਹਰਬੰਸ ਸਿੰਘ ਢੱਲਾ ਨੇ ਦੱਸਿਆ ਹੈ ਕਿ ਜੁਲਾਈ ਵਿੱਚ ਪਸ਼ੂ ਚੁੱਕਣ ਦੀ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 166 ਆਵਾਰਾ ਪਸ਼ੂਆਂ ਨੂੰ ਚੁੱਕਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਆਵਾਰਾ ਪਸ਼ੂ ਮੁਕਤ ਹੋਣ ਤੱਕ ਰੋਜ਼ਾਨਾ ਆਵਾਰਾ ਪਸ਼ੂਆਂ ਦੀ ਲਿਫਟਿੰਗ ਜਾਰੀ ਰਹੇਗੀ। ਸ੍ਰੀ ਢੱਲਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਰੋਕਥਾਮ ਅਤੇ ਡੇਅਰੀਆਂ ਵਿੱਚ ਪਸ਼ੂਆਂ ਦੀ ਚਿੱਪਿੰਗ ਕਰਨ ਦੀ ਯੋਜਨਾ ਬਾਰੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement