ਸੀਵਰੇਜ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 19 ਅਕਤੂਬਰ
ਸ਼ਹਿਰ ਦੇ ਵਾਰਡ ਨੰਬਰ 10 ਸਥਿਤ ਮਾਡਲ ਟਾਊਨ ’ਚ ਬੰਦ ਹੋਈ ਸੀਵਰੇਜ ਲਾਈਨ ਖੁੱਲ੍ਹਵਾਉਣ ਲਈ ਮਾਡਲ ਟਾਊਨ ਰੈਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਸੱਤਪਾਲ ਮੰਗਲਾ ਦੀ ਅਗਵਾਈ ਹੇਠ ਐੱਸਡੀਐੱਮ ਜਗਦੀਸ਼ ਚੰਦਰ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਐੱਸਡੀਐੱਮ ਨੂੰ ਮੰਗ ਪੱਤਰ ਦੇ ਕੇ ਬੰਦ ਹੋਈ ਸੀਵਰੇਜ ਲਾਈਨ ਨੂੰ ਖੁੱਲ੍ਹਵਾਉਣ ਦੀ ਅਪੀਲ ਕੀਤੀ। ਮਾਡਲ ਟਾਊਨ ਵਾਸੀ ਵਿਨੋਦ ਜੈਨ, ਨਰੇਸ਼ ਜੈਨ, ਰਾਜੀਵ ਗਰਗ ਤੇ ਸੁਭਾਸ਼ ਆਦਿ ਨੇ ਦੱਸਿਆ ਕਿ ਕੋਠੀ ਨੰਬਰ 114 ਤੋਂ 136 ਤੱਕ ਮੁੱਖ ਸੜਕ ’ਤੇ ਸੀਵਰੇਜ ਦੇ ਓਵਰਫਲੋਅ ਹੋਣ ਨਾਲ ਸੜਕ ’ਤੇ ਕਈ ਗੰਦਾ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਇਲਾਕੇ ’ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕਈ ਵਾਰ ਨਗਰ ਕੌਂਸਲਰ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਪਰ ਹਾਲੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਮਾਡਲ ਟਾਊਨ ਦੀ 40 ਫੁੱਟੀ ਰੋਡ ’ਤੇ ਕਈ ਦਿਨਾਂ ਤੋਂ ਸੀਵਰੇਜ ਦਾ ਪਾਣੀ ਖੜ੍ਹਾ ਹੈ ਤੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਫ਼ਦ ਵਿਚ ਸ਼ਾਮਲ ਮਾਡਲ ਟਾਊਨ ਵਾਸੀਆਂ ਨੇ ਮੰਗ ਕੀਤੀ ਕਿ ਸੀਵਰੇਜ ਦੀ ਸਫਾਈ ਆਦਿ ਕਰਵਾ ਕੇ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ ਨੇ ਮਾਡਲ ਟਾਊਨ ਐਸੋਸੀਏਸ਼ਨ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਨੂੰ ਲਿਖਿਆ ਜਾਵੇਗਾ ਅਤੇ ਜਲਦੀ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।