ਮੁਹਾਲੀ ’ਚ ਜਲ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕ ਪ੍ਰੇਸ਼ਾਨ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 11 ਅਗਸਤ
ਇੱਥੇ ਲੰਘੀ ਰਾਤ ਅਤੇ ਐਤਵਾਰ ਦਿਨ ਸਮੇਂ ਪਏ ਮੀਂਹ ਨਾਲ ਗਰਮੀ ਤੋਂ ਭਾਵੇਂ ਰਾਹਤ ਮਿਲੀ ਹੈ ਪਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਭਰੇ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਘਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ।
ਇੱਥੋਂ ਦੇ ਫੇਜ਼-4 ਅਤੇ ਫੇਜ਼-5 ਵਿੱਚ ਮੀਂਹ ਦਾ ਪਾਣੀ ਮੁੱਖ ਸੜਕ ਸਣੇ ਰਿਹਾਇਸ਼ੀ ਖੇਤਰ ਵਿੱਚ ਭਰ ਗਿਆ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ, ਜਨਰਲ ਸਕੱਤਰ ਮਨਮੋਹਨ ਸਿੰਘ, ਮੀਤ ਪ੍ਰਧਾਨ ਈਸ਼ ਕੁਮਾਰ ਆਦਿ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਵਸਨੀਕ ਪਿਛਲੇ ਦੋ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰੋਡ-ਗਲੀਆਂ ਬੰਦ ਪਈਆਂ ਹਨ।
ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੇਅਰ ਜੀਤੀ ਸਿੱਧੂ ਨੂੰ ਫੋਨ ’ਤੇ ਮੌਜੂਦਾ ਹਾਲਤ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਫਾਇਰ ਟੈਂਡਰ ਭੇਜਣ ਦਾ ਭਰੋਸਾ ਦਿੱਤਾ ਜੋ ਸ਼ਾਮ ਤੱਕ ਨਹੀਂ ਪੁੱਜਿਆ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕਈ ਘਰਾਂ ਵਿੱਚ ਪਾਣੀ ਜਾਣ ਕਾਰਨ ਸਾਮਾਨ ਨੁਕਸਾਨਿਆ ਗਿਆ। ਇਸੇ ਦੌਰਾਨ 11 ਫੇਜ਼ ਦੇ ਵਾਸੀਆਂ ਨੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੜਕ ’ਤੇ ਹੀ ਜਾਮ ਲਗਾ ਜਿਸ ਨੂੰ ਬਾਅਦ ’ਚ ਪੁਲੀਸ ਨੇ ਖੁੱਲ੍ਹਵਾਇਆ।
ਇੱਥੋਂ ਦੇ ਸੈਕਟਰ-70 ਤੇ ਸੈਕਟਰ-71 ਨੂੰ ਵੰਡਦੀ ‘ਬੀ’ ਸੜਕ ਅਤੇ ਅੰਦਰਲੀ ਸੜਕ ਤਲਾਬ ਬਣੀ ਹੋਈ ਸੀ। ਇੰਜ ਹੀ ਬਲੌਂਗੀ ਤੋਂ ਮੁਹਾਲੀ ਜਾਣ ਵਾਲੀ ਸੜਕ ’ਤੇ ਗਊਸ਼ਾਲਾ ਦੇ ਬਾਹਰ ਪੁਲ ਉੱਤੇ ਮੀਂਹ ਦਾ ਪਾਣੀ ਭਰ ਗਿਆ।
ਰਾਜਾ ਕੰਵਰਜੋਤ ਸਿੰਘ ਨੇ ਦੱਸਿਆ ਕਿ ਫੇਜ਼-4 ਤੋਂ ਰਿਹਾਇਸ਼ੀ ਖੇਤਰ ਫੇਜ਼-2 ਨੂੰ ਜਾਣ ਵਾਲੀ ਸੜਕ ’ਤੇ ਮੀਂਹ ਦਾ ਪਾਣੀ ਇਕੱਠਾ ਹੋਣ ਦਿੱਕਤ ਆਈ। ਨੌਜਵਾਨ ਕੁਸ਼ਤੀ ਦੰਗਲ ਦੇ ਪ੍ਰਧਾਨ ਲਖਮੀਰ ਸਿੰਘ ਲੱਖਾ ਪਹਿਲਵਾਨ ਅਤੇ ਜਨਰਲ ਸਕੱਤਰ ਆਸ਼ੂ ਵੈਦ ਨੇ ਦੱਸਿਆ ਕਿ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਮਟੌਰ, ਸੈਕਟਰ-70 ਅਤੇ ਸੈਕਟਰ-71 ਦੇ ਵਸਨੀਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਜ ਹੀ ਕੁੰਭੜਾ ਚੌਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਲਾਂਡਰਾਂ-ਖਰੜ ਸੜਕ ਸਮੇਤ ਲਾਲ ਲਗਦੀਆਂ ਕਲੋਨੀਆਂ ਅਤੇ ਸੁਸਾਇਟੀਆਂ ਵਿੱਚ ਵੀ ਬਾਰਸ਼ ਦਾ ਪਾਣੀ ਦਾਖ਼ਲ ਹੋਣ ਦੀ ਖ਼ਬਰ ਮਿਲੀ ਹੈ। ਇਸੇ ਤਰ੍ਹਾਂ ਫੇਜ਼-1 ਅਤੇ ਫੇਜ਼-6 ਵਿੱਚ ਵੀ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲ ਹੋਈ ਹੈ।