ਮਿਸ਼ਨ ਰੋਡ ’ਤੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਦਸੂਹਾ, 13 ਨਵੰਬਰ
ਇੱਥੇ ਮਿਸ਼ਨ ਰੋਡ ਦੀ ਗੁਰੂ ਨਾਨਕ ਮਾਰਕੀਟ ਅਤੇ ਗੁਰੂ ਰਾਮ ਦਾਸ ਮਾਰਕੀਟ ਦੇ ਵਿਚਕਾਰ ਲੱਗੇ ਗੰਦਗੀ ਦੇ ਢੇਰ ਦਸੂਹਾ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਨਗਰ ਕੌਂਸਲ ਦਫ਼ਤਰ ਦੇ ਘਿਰਾਓ ਦੀ ਤਿਆਰੀ ਖਿੱਚ ਲਈ ਹੈ। ਇਸ ਸਬੰਧੀ ਡਾ. ਪਿਊਸ਼ ਜੰਬਾ, ਚਮਨ ਲਾਲ, ਗੁਰਦਰਸ਼ਨ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਕੁਮਾਰ, ਲੱਖਵਿੰਦਰ ਸਿੰਗ, ਅਮਰਜੀਤ ਸਮੇਤ ਹੋਰਾਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਾਸ ਕੀਤੇ ਬਜਟ ’ਚ ਸ਼ਹਿਰ ਦੀ ਸਫਾਈ ਲਈ ਕਰੋੜਾਂ ਰੁਪਏ ਰਾਖਵੇਂ ਹੋਣ ਦੇ ਬਾਵਜੂਦ ਵੀ ਰਿਹਾਇਸ਼ੀ ਇਲਾਕਿਆਂ ’ਚ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸੰਘਣੀ ਆਵਾਜਾਈ ਵਾਲਾ ਮਿਸ਼ਨ ਰੋਡ ਜਿਥੇ ਪੀਰ ਬਾਬਾ ਦੀ ਮਜਾਰ ਵੀ ਹੈ ਦੇ ਨੇੜੇ ਕੌਂਸਲ ਵੱਲੋਂ ਕੂੜੇ ਦਾ ਵੱਡਾ ਡੰਪ ਬਣਾਇਆ ਹੋਇਆ ਹੈ। ਇੱਥੇ ਕੂੜੇ ਦੇ ਢੇਰਾਂ ਦੀ ਬਦਬੂ ਕਾਰਨ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਇਸ ਦੇ ਨਾਲ ਰਾਹਗੀਰਾਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨਾਲ ਸਮੱਸਿਆ ਦੇ ਹੱਲ ਲਈ ਰਾਬਤਾ ਕਾਇਮ ਕੀਤਾ ਗਿਆ, ਪਰ ਮਸਲਾ ਹੱਲ ਨਹੀਂ ਹੋਇਆ। ਜਿਸ ਦੇ ਰੋਸ ਵਜੋਂ ਉਨ੍ਹਾਂ ਨਗਰ ਕੌਂਸਲ ਦੇ ਦਫ਼ਤਰ ਦੇ ਘਿਰਾਓ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਭਰੋਸਾ ਦਿੱਤਾ ਕਿ ਕੌਂਸਲ ਦੀ ਅਗੀਲ ਬੈਠਕ ਵਿੱਚ ਇਸ ਸਮੱਸਿਆ ਦਾ ਹੱਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਨਗਰ ਕੌਂਸਲ ਸ਼ਹਿਰੀਆਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ।