ਬਟਾਲਾ ਵਿੱਚ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
ਦਲਬੀਰ ਸੱਖੋਵਾਲੀਆ
ਬਟਾਲਾ, 16 ਨਵੰਬਰ
ਸਨਅਤੀ ਨਗਰ ਬਟਾਲਾ ਵਿੱਚ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ਨੇੜੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਚੀਫ ਸੈਕਟਰੀ ਪੰਜਾਬ ਸਮੇਤ ਪ੍ਰਾਜੈਕਟ ਡਾਇਰੈਕਟਰ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੁਆਰਾ ਵੀ ਨਗਰ ਨਿਗਮ ਬਟਾਲਾ ਨੂੰ ਖੁੱਲ੍ਹੀਆਂ ਥਾਵਾਂ ’ਤੇ ਸੁੱਟੇ ਕੂੜੇ ਦੇ ਸਥਾਈ ਹੱਲ ਲਈ ਪੱਤਰ ਲਿਖਿਆ ਗਿਆ ਸੀ। ਪਰ ਲੰਘੇ ਕਈ ਦਿਨਾਂ ਤੋਂ ਸ਼ਾਸਤਰੀ ਨਗਰ, ਕਾਦੀਆਂ ਚੁੰਗੀ ਅਤੇ ਹੋਰ ਥਾਵਾ ’ਤੇ ਕੂੜੇ ਦੇ ਲੱਗੇ ਢੇਰਾਂ ਕਾਰਨ ਆਮ ਲੋਕਾਂ ਨੂੰ ਵੰਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਐਸ.ਡੀ.ਐਮ ਕਮ- ਨਗਰ ਨਿਗਮ ਕਮਿਸ਼ਨਰ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਸ਼ਹਿਰ ਅੰਦਰ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਤੇ ਸਫਾਈ ਵਿਵਸਥਾ ਨੂੰ ਹੋਰ ਵਧੀਆ ਢੰਗ ਨਾਲ ਕਰਨ ਦੇ ਮੰਤਵ ਨਾਲ ਸ਼ਹਿਰ ਨੂੰ 9 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਸੈਕਟਰ ਅਫਸਰਾਂ ਦੀ ਹਾਜ਼ਰੀ ਵਿੱਚ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਛੁੱਟੀ ਹੋਣ ਦੇ ਬਾਵਜੂਦ ਸੈਕਟਰ ਅਫਸਰਾਂ, ਸਫਾਈ ਕਰਮਚਾਰੀਆਂ ਤੇ ਸਮੁੱਚੀ ਟੀਮ ਕੰਮ ’ਤੇ ਲੱਗੀ ਰਹੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਹਰ ਸੈਕਟਰ ਵਿੱਚ ਵਾਰਡ ਇੰਚਾਰਜ, ਸਟਰੀਟ ਲਾਈਟਾਂ ਅਤੇ ਗਲੀਆਂ ਸਬੰਧੀ ਸ਼ਿਕਾਇਤਾਂ ਲਈ, ਸਫਾਈ ਨਾਲ ਸਬੰਧਤ ਸ਼ਿਕਾਇਤਾਂ ਲਈ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਸਬੰਧੀ ਸ਼ਿਕਾਇਤਾਂ ਲਈ ਨਾਮ ਅਤੇ ਮੋਬਾਈਲ ਨੰਬਰ ਜਨਤਕ ਕੀਤੇ ਜਾਣਗੇ ਅਤੇ ਪੱਕੇ ਤੌਰ ’ਤੇ ਲਿਖਵਾਏ ਜਾ ਰਹੇ ਹਨ, ਤਾਂ ਜੋ ਲੋਕ ਇਨ੍ਹਾਂ ਨੰਬਰਾਂ ਤੇ ਸੰਪਰਕ ਕਰਕੇ ਸਾਫ ਸਫਾਈ ਆਦਿ ਬਾਰੇ ਆਪਣੀ ਮੁਸ਼ਕਿਲ ਹੱਲ ਕਰਵਾ ਸਕਣ।