ਬਨਾਸਰ ਬਾਗ ’ਚ ਖੜ੍ਹੇ ਮੋਬਾਈਲ ਪਖਾਨਿਆਂ ਕਾਰਨ ਲੋਕ ਪ੍ਰੇਸ਼ਾਨ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 11 ਮਾਰਚ
ਬਨਾਸਰ ਬਾਗ਼ ’ਚ ਖੜ੍ਹੇ ਮੋਬਾਈਲ ਪਖਾਨਿਆਂ ਕਾਰਨ ਲੋਕ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਥੋਂ ਦੇ ਬਨਾਸਰ ਬਾਗ਼ ’ਚ ਪ੍ਰਸ਼ਾਸਨ ਵੱਲੋਂ ਅੱਠ ਮਾਰਚ ਨੂੰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਵਿੱਤੀ ਤੌਰ ’ਤੇ ਖੁਸ਼ਹਾਲ ਕਰਨ ਲਈ ਦੋ ਰੋਜ਼ਾ ਸਮਾਗਮ ਕਰਵਾਏ ਗਏ ਸਨ। ਇਸ ਮੌਕੇ ਵੱਖ-ਵੱਖ ਉਤਪਾਦਾਂ ਦੀ ਵਿਕਰੀ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਸੀ।
ਸਮਾਗਮ ’ਚ ਸ਼ਮੂਲੀਅਤ ਕਰਨ ਵਾਲੇ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਪ੍ਰਸ਼ਾਸਨ ਵੱਲੋਂ ਮੋਬਾਈਲ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਮਹਿਲਾ ਦਿਵਸ ਨੂੰ ਸਮਰਪਿਤ ਇਹ ਸਮਾਗਮ 8 ਅਤੇ 9 ਮਾਰਚ ਨੂੰ ਦੋ ਦਿਨ ਤੱਕ ਚੱਲੇ ਸਨ। ਇਨ੍ਹਾਂ ਸਮਾਗਮਾਂ ਵਿਚ ਖਤਮ ਹੋਇਆਂ ਦੋ ਦਿਨ ਹੋ ਗਏ ਹਨ ਪਰ ਉਥੇ ਖੜ੍ਹੇ ਮੋਬਾਈਲ ਪਖਾਨਿਆਂ ਦੀ ਬਦਬੂ ਨੇ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ। ਬਨਾਸਰ ਬਾਗ਼ ਸ਼ਹਿਰ ਦੀ ਉਹ ਥਾਂ ਹੈ ਜਿੱਥੇ ਸਵੇਰੇ ਸ਼ਾਮ ਸੈਂਕੜੇ ਲੋਕ ਸੈਰ ਕਰਨ ਆਉਂਦੇ ਹਨ ਪਰ ਇਹ ਮੋਬਾਈਲ ਪਖਾਨੇ ਬਿਲਕੁਲ ਰਸਤੇ ਦੇ ਵਿੱਚ ਖੜ੍ਹੇ ਹੋਣ ਕਾਰਨ ਸੈਰ ਕਰਨ ਵਾਲਿਆਂ ਨੂੰ ਆਪਣੇ ਸਾਹ ਰੋਕ ਕੇ ਪਖਾਨਿਆਂ ਦੇ ਕੋਲੋਂ ਲੰਘਣਾ ਪੈਂਦਾ ਹੈ। ਸੈਰ ਕਰ ਕਰਨ ਵਾਲੇ ਯੋਗੇਸ਼ ਨੇ ਕਿਹਾ ਕਿ ਇਨ੍ਹਾਂ ਪਖਾਨਿਆਂ ਨੂੰ ਸੜਕ ਤੋਂ ਪਰ੍ਹਾਂ ਪਏ ਖਾਲੀ ਖੂੰਜੇ ਵਿਚ ਵੀ ਖੜ੍ਹਾਇਆ ਜਾ ਸਕਦਾ ਸੀ। ਅੱਜ ਸਮਾਗਮਾਂ ਤੋਂ ਦੋ ਦਿਨ ਬਾਅਦ ਵੀ ਪ੍ਰਸ਼ਾਸਨ ਇਸ ਨੂੰ ਹਟਵਾਉਣ ਵਿਚ ਸੁਸਤੀ ਧਾਰੀ ਬੈਠਾ ਹੈ।
ਸੈਰ ਕਰਨ ਵਾਲੇ ਇਕ ਆਰਮੀ ਅਫਸਰ ਨੇ ਇਸ ’ਤੇ ਕਿੰਤੂ ਕਰਦਿਆਂ ਕਿਹਾ ਜਿਸ ਕਿਸੇ ਵੀ ਮਹਿਕਮੇ ਦੀ ਡਿਊਟੀ ਬਣਦੀ ਹੈ ਉਸ ਮਹਿਕਮੇ ਤੋਂ ਪ੍ਰਸ਼ਾਸਨ ਨੂੰ ਪੁੱਛ-ਗਿਛ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਖਾਨਿਆਂ ਦੀ ਬਦਬੂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਨੂੰ ਇੱਥੋਂ ਹਟਾਇਆ ਜਾਵੇ।