ਚਹੁੰਮਾਰਗੀ ਸੜਕਾਂ ਦਾ ਕੰਮ ਅਧੂਰਾ ਛੱਡਣ ਤੋਂ ਲੋਕ ਪ੍ਰੇਸ਼ਾਨ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 23 ਅਗਸਤ
ਰੋਪੜ-ਫਗਵਾੜਾ ਚਾਰ ਮਾਰਗੀ ਸੜਕ ਨੂੰ ਬਲਾਚੌਰ ਬਾਈ ਪਾਸ ਵਿੱਚ ਨਵਾਂ ਸ਼ਹਿਰ ਅਤੇ ਰੋਪੜ ਦੋਹਾਂ ਪਾਸਿਆਂ ਤੋਂ ਬਲਾਚੌਰ ਸ਼ਹਿਰ ਨੂੰ ਜੋੜਨ ਵਾਲੀ ਸਰਵਿਸ ਰੋਡ ਅਤੇ ਬਲਾਚੌਰ ਤਹਿਸੀਲ ਵਿੱਚ ਪੈਂਦੇ ਪਿੰਡ ਗੜ੍ਹੀ ਕਾਨੂੰਗੋਆਂ ਵਿੱਚ ਚਹੁੰ ਮਾਰਗੀ ਕਰਨ ਦਾ ਕੰਮ ਅਧੂਰਾ ਛੱਡੇ ਜਾਣ ਤੋਂ ਲੋਕ ਪ੍ਰੇਸ਼ਾਨ ਹਨ। ਗੜ੍ਹੀ ਕਾਨੂੰਗੋਆਂ ਵਿੱਚ ਅੱਧਾ ਕਿਲੋਮੀਟਰ ਦੇ ਲਗਪਗ ਇਸ ਸੜਕ ਦੇ ਟੁੱਟੇ-ਫੁੱਟੇ ਟੋਟੇ ਕਾਰਨ ਦੋਹਾਂ ਪਾਸਿਆਂ ਤੋਂ ਆਉਂਦੇ ਟਰੈਫਿਕ ਵਿੱਚ ਹਮੇਸ਼ਾ ਵਿਘਨ ਪਿਆ ਰਹਿੰਦਾ ਹੈ। ਵੱਖ-ਵੱਖ ਪਾਰਟੀਆਂ ਨੇ ਕਿਹਾ ਕਿ ਸੜਕ ਨੂੰ ਚਹੁੰਮਾਰਗੀ ਕਰਨ ਦਾ ਕੰਮ ਅਧੂਰਾ ਹੋਣ ਦੇ ਬਾਵਜੂਦ ਬੱਛੂਆਂ (ਕਾਠਗੜ੍ਹ ਲਾਗੇ) ਟੋਲ ਪਲਾਜ਼ਾ ਸਥਾਪਿਤ ਕਰਨਾ ਕੰਪਨੀ ਅਧਿਕਾਰੀਆਂ ਦੀ ਲੋਕਾਂ ਨਾਲ ਧੱਕੇਸ਼ਾਹੀ ਦੀ ਪ੍ਰਤੱਖ ਉਦਾਹਰਨ ਹੈ। ਕੰਢੀ ਸੰਘਰਸ਼ ਕਮੇਟੀ ਦੇ ਆਗੂ ਕਾ. ਕਰਨ ਸਿੰਘ ਰਾਣਾ, ਸੀਪੀਐੱਮ ਦੇ ਕਾ. ਮਹਾਂ ਸਿੰਘ ਰੌੜੀ, ਸੀਪੀਆਈ ਦੇ ਕਾ. ਪਰਵਿੰਦਰ ਮੇਨਕਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਬ੍ਰਿਗੇਡੀਅਰ ਰਾਜ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਸੰਤੋਸ਼ ਕਟਾਰੀਆ ਨੇ ਮੰਗ ਕੀਤੀ ਸੜਕ ਦੇ ਅਧੂਰੇ ਪਏ ਹਿੱਸਿਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ।