For the best experience, open
https://m.punjabitribuneonline.com
on your mobile browser.
Advertisement

ਹਾਈਵੇਅ ’ਤੇ ਖੋਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਲੋਕ ਪ੍ਰੇਸ਼ਾਨ

10:27 AM Apr 03, 2024 IST
ਹਾਈਵੇਅ ’ਤੇ ਖੋਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਲੋਕ ਪ੍ਰੇਸ਼ਾਨ
ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਗੋਲੀਆਂ ਕੋਲ ਚੱਲ ਰਹੇ ਨਾਜਾਇਜ਼ ਠੇਕੇ ਦੀ ਬਰਾਂਚ।
Advertisement

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 2 ਅਪਰੈਲ
ਗੜ੍ਹਸ਼ੰਕਰ ਸ਼ਹਿਰ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਚੱਲ ਰਹੇ ਠੇਕਿਆਂ ਤੋਂ ਨੇੜਲੇ ਪਿੰਡਾਂ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ। ਇਨ੍ਹਾਂ ਠੇਕਿਆਂ ਵਿੱਚ ਇਸ ਹਾਈਵੇਅ ਉੱਤੇ ਪਿੰਡ ਗੋਲੀਆਂ ਅਤੇ ਪਿੰਡ ਪਦਰਾਣਾ ਨੇੜੇ ਚਲਦੇ ਠੇਕੇ ਉੱਤੇ ਦੇਰ ਸ਼ਾਮ ਤੱਕ ਸ਼ਰਾਬੀਆਂ ਦੀ ਭੀੜ ਲੱਗੀ ਰਹਿੰਦੀ ਹੈ, ਜਿਸ ਕਰ ਕੇ ਨੇੜਲੇ ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਆਬਕਾਰੀ ਅਤੇ ਕਰ ਵਿਭਾਗ ਦੀਆਂ ਨੀਤੀਆਂ ਅਨੁਸਾਰ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਕੋਈ ਵੀ ਮਨਜ਼ੂਰਸ਼ੁਦਾ ਠੇਕਾ ਮੁੱਖ ਸੜਕ ਤੋਂ 200 ਮੀਟਰ ਦੂਰ ਹੀ ਖੋਲ੍ਹਿਆ ਜਾ ਸਕਦਾ ਹੈ ਜਦ ਕਿ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਗੋਲੀਆਂ ਕੋਲ ਸ਼ਰੇਆਮ ਸ਼ਰਾਬ ਦੀ ਬਰਾਂਚ ਅਤੇ ਇੱਕ ਅਹਾਤਾ ਵੀ ਚਲਾਇਆ ਜਾ ਰਿਹਾ ਹੈ। ਇਸੇ ਮਾਰਗ ’ਤੇ ਪਿੰਡ ਸਤਨੌਰ ਅਤੇ ਪਿੰਡ ਗੋਲੀਆਂ ਵਿੱਚ ਵੀ ਅਜਿਹੇ ਦੋ ਨਾਜਾਇਜ਼ ਠੇਕੇ ਮੁੱਖ ਹਾਈਵੇਅ ਦੇ ਨਾਲ ਹੀ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬਲਾਚੌਰ ਰੋਡ ’ਤੇ ਵੀ ਸ਼ਰਾਬ ਦੇ ਇੱਕ ਠੇਕੇ ਨਾਲ ਖੁੱਲ੍ਹੇ ਵਿੱਚ ਇੱਕ ਵੱਡਾ ਅਹਾਤਾ ਚਲਾ ਕੇ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਸਬੰਧੀ ਪਿੰਡ ਗੋਲੀਆਂ ਅਤੇ ਸਤਨੌਰ ਦੇ ਵਸਨੀਕਾਂ ਅਨੁਸਾਰ ਬੀਤੀ 30 ਅਤੇ 31 ਮਾਰਚ ਨੂੰ ਇਨ੍ਹਾਂ ਠੇਕਿਆਂ ਉੱਤੇ ਸ਼ਰਾਬ ਦੇ ਭਾਅ ਟੁੱਟਣ ਕਰ ਕੇ ਵੱਡੀ ਭੀੜ ਜਮ੍ਹਾਂ ਰਹੀ ਅਤੇ ਠੇਕਿਆਂ ਦੀ ਨਵੀਂ ਅਲਾਟਮੈਂਟ ਤੋਂ ਬਾਅਦ ਵੀ ਇਹੀ ਠੇਕੇ ਇਸ ਸਥਾਨ ’ਤੇ ਨਾਜਾਇਜ਼ ਤੌਰ ’ਤੇ ਚੱਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮਾਰਗ ’ਤੇ ਚੱਲਦੇ ਇਨ੍ਹਾਂ ਠੇਕਿਆਂ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ। ਇਸ ਸਬੰਧੀ ਐਕਸਾਈਜ਼ ਅਤੇ ਟੈਕਸੇਸ਼ਨ ਅਫ਼ਸਰ ਨਵਜੋਤ ਭਾਰਤੀ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਹਾਈਵੇਅ ਉੱਤੇ ਕਿਸੇ ਵੀ ਸੂਰਤ ਵਿੱਚ ਠੇਕੇ ਦੀ ਕੋਈ ਬਰਾਂਚ ਨਹੀਂ ਚਲਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਠੇਕਿਆਂ ਸਬੰਧੀ ਪੜਤਾਲ ਕਰਨਗੇ ਅਤੇ ਇਨ੍ਹਾਂ ਬਰਾਂਚਾਂ ਨੂੰ ਇੱਥੋਂ ਤੁਰੰਤ ਹਟਾਇਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×