For the best experience, open
https://m.punjabitribuneonline.com
on your mobile browser.
Advertisement

ਸਬਜ਼ੀਆਂ ਦੇ ਭਾਅ ਵਧਣ ਨਾਲ ਲੋਕ ਪ੍ਰੇਸ਼ਾਨ

02:53 PM Jun 30, 2023 IST
ਸਬਜ਼ੀਆਂ ਦੇ ਭਾਅ ਵਧਣ ਨਾਲ ਲੋਕ ਪ੍ਰੇਸ਼ਾਨ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਲੁਧਿਆਣਾ, 29 ਜੂਨ

ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਬਜ਼ੀਆਂ ਦੇ ਭਾਅ ਵਿੱਚ ਭਾਰੀ ਤੇਜ਼ੀ ਆ ਗਈ ਹੈ ਅਤੇ ਟਮਾਟਰ ਅਤੇ ਅਦਰਕ ਦੀਆਂ ਕੀਮਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕਈ ਗੁਣਾ ਵੱਧ ਗਈਆਂ ਹਨ ਜਿਸ ਨਾਲ ਲੋਕਾਂ ਦਾ ਬਜਟ ਹਿੱਲ ਗਿਆ ਹੈ। ਜਾਣਕਾਰੀ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੱਕ ਹਫ਼ਤਾ ਪਹਿਲਾਂ ਤੱਕ ਟਮਾਟਰ ਜੋ 10 ਰੁਪਏ ਕਿਲੋ ਵਿੱਕ ਰਿਹਾ ਸੀ ਦੀ ਕੀਮਤ ਵੱਧਕੇ 70 ਰੁਪਏ ਕਿਲੋ ਹੋ ਗਿਆ ਹੈ। ਇਸੇ ਤਰ੍ਹਾਂ ਅਦਰਕ ਵੀ ਮੰਡੀ ਵਿੱਚ 250 ਤੋਂ 300 ਰੁਪਏ ਪ੍ਰਤੀ ਕਿਲੋ ਵਿੱਕ ਰਹੀ ਹੈ। ਇਸ ਤੋਂ ਇਲਾਵਾ ਭਿੰਡੀ, ਕਰੇਲੇ, ਹਰੀ ਤੋਰੀ, ਟੀਂਡੇ, ਧਨੀਆ, ਫਲੀਆਂ ਅਤੇ ਲੋਕੀ ਦੀ ਕੀਮਤ ਵੀ ਪਿਛਲੇ ਹਫ਼ਤੇ ਦੇ ਮੁਕਾਬਲੇ ਲੱਗਪਗ ਦੋ ਗੁਣੀ ਹੋ ਗਈ ਹੈ। ਇਸੇ ਤਰ੍ਹਾਂ ਪਿਆਜ਼ ਅਤੇ ਆਲੂ ਦੀ ਕੀਮਤ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ। ਮੰਡੀ ਵਿੱਚ ਫਲਾਂ ਦੇ ਭਾਅ ਵੀ ਵਧ ਗਏ ਹਨ। ਲੀਚੀ, ਆਲੂਬੁਖਾਰਾ, ਸਫ਼ੈਦਾ ਅੰਬ, ਖਰਬੂਜ਼ਾ ਅਤੇ ਪਪੀਤਾ ਵੀ ਮਹਿੰਗਾ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਇਸ ਸਬੰਧੀ ਇੱਕ ਸਬਜ਼ੀ ਵਿਕਰੇਤਾ ਨੇ ਦੱਸਿਆ ਹੈ ਕਿ ਕੁੱਝ ਹਿੱਸਿਆਂ ਵਿੱਚ ਬਾਰਸ਼ਾਂ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ। ਉਸ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਬਾਰਸ਼ਾਂ ਵਿੱਚ ਵੀ ਤੇਜ਼ੀ ਆ ਰਹੀ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਬੁਲਾਰੇ ਪਰਮਿੰਦਰ ਮਹਿਤਾ ਅਤੇ ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਬੰਟੀ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਭਾਅ ਅਸਮਾਨੀ ਛੂਹਣ ਨਾਲ ਗਰੀਬ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਵੱਖ ਰਹੀ ਮਹਿੰਗਾਈ ਨੂੰ ਵੇਖਦਿਆਂ ਲੋਕਾਂ ਨੂੰ ਰਾਹਤ ਦੇਣ ਲਈ ਤੁਰੰਤ ਸਖ਼ਤ ਕਦਮ ਚੁੱਕਣ ਅਤੇ ਜ਼ਖ਼ੀਰੇਬਾਜ਼ਾਂ ਖ਼ਿਲਾਫ਼ ਕਾਰਵਾਈ ਕਰਨ ਤਾਂ ਜੋ ਲੋਕਾਂ ਦੀ ਮੁਸ਼ਕਿਲ ਹੱਲ ਹੋ ਸਕੇ।

Advertisement
Tags :
Advertisement
Advertisement
×