ਧੂਰੀ ਦੀਆਂ ਖਸਤਾ ਹਾਲ ਸੜਕਾਂ ਤੋਂ ਲੋਕ ਪ੍ਰੇਸ਼ਾਨ
ਖੇਤਰੀ ਪ੍ਰਤੀਨਿਧ
ਧੂਰੀ 13 ਜੁਲਾਈ
ਧੂਰੀ ਸ਼ਹਿਰ ’ਚ ਪਿਛਲੇ ਲੰਬੇ ਸਮੇਂ ਤੋ ਮੁੱਖ ਸੜਕਾਂ ਜਿਵੇਂ ਕਿ ਪੰਜਾਹ ਫੁੱਟੀ ਸੜਕ, ਦੋਹਲਾ ਰੋਡ, ਦੌਲਤਪੁਰ ਰੋਡ, ਰਾਮਗੜ੍ਹੀਆ ਗੁਰਦੁਆਰੇ ਦੇ ਅੱਗੇ ਤੋਂ ਲੰਘਦੀ ਸੜਕ, ਰਜਵਾਹੇ ਵਾਲੀ ਸੜਕ, ਧੂਰੀ ਪਿੰਡ ਤੋਂ ਅਨਾਜ ਮੰਡੀ ਨੂੰ ਜਾਂਦੀ ਸੜਕ, ਤੋਤਾਪੁਰੀ ਰੋਡ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਧੂਰੀ ਤੋਂ ਮਾਰਕੀਟ ਕਮੇਟੀ ਦਫ਼ਤਰ ਅੱਗਿਓਂ ਲੰਘਦੀ ਸੜਕ ’ਤੇ ਡੂੰਘੇ ਟੋਇਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ।
ਸ਼ਹਿਰ ਦੇ ਸਮਾਜ ਸੇਵੀ ਜਗਦੀਸ਼ ਸ਼ਰਮਾ, ਕਿਰਪਾਲ ਸਿੰਘ ਰਾਜੋਮਾਜਰਾ ਤੇ ਹਰਬੰਸ ਸਿੰਘ ਨੇ ਕਿਹਾ ਕਿ ਭਾਵੇਂਕਿ ਧੂਰੀ ਸ਼ਹਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਹਲਕਾ ਹੈ ਪਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਧੋਬੀਘਾਟ ਕੋਲ ਜੋ ਚੋਰਾਹਾ ਹੈ ਉਸ ਦੀ ਹਾਲਤ ਕਾਫੀ ਮਾੜੀ ਹੋ ਚੁੱਕੀ ਹੈ ਜਿੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਉਨ੍ਹਾਂ ਕਿਹਾ ਇਨ੍ਹਾਂ ਸੜਕਾਂ ਨੂੰ ਠੀਕ ਕਰਵਾਉਣ ਲਈ ਨਗਰ ਕੌਂਸਲ , ਤੇ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਹੋਰ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਤੇ ਮਿਆਦ ਤੋਂ ਪਹਿਲਾਂ ਟੁੱਟ ਚੁੱਕੀਆਂ ਸੜਕਾਂ ਦੀ ਪੜਤਾਲ ਕਰਵਾਈ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਧੂਰੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ਵਨੀ ਕੁਮਾਰ ਨੇੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ਤੇ ਸੜਕਾਂ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋਫੈਸਰ ਉਂਕਾਰ ਸਿੰਘ ਨੇ ਕਿਹਾ ਕਿ ਤੋਤਾਪੁਰੀ ਰੋਡ ਦੀ ਮੁਰੰਮਤ ਕਰਵਾ ਦਿੱਤੀ ਗਈ ਹੈ ਜਦਕਿ ਸ਼ਹਿਰ ਦੀਆਂ ਬਾਕੀ ਸਾਰੀਆਂ ਸੜਕਾਂ ਜਲਦੀ ਨਵੇਂ ਸਿਰੇ ਤੋਂ ਬਣਨਗੀਆਂ।