ਬੁਢਲਾਡਾ ਖੇਤਰ ਦੀਆਂ ਟੁੱਟੀਆਂ ਸੜਕਾਂ ਤੋਂ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 8 ਜੂਨ
ਵਿਧਾਨ ਸਭਾ ਹਲਕਾ ਬੁਢਲਾਡਾ ‘ਚ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀਆਂ ਅੱਧੀ ਦਰਜਨ ਮੁੱਖ ਸੜਕਾਂ ਸਮੇਤ ਬਹੁਤ ਸਾਰੀਆਂ ਸੰਪਰਕ ਸੜਕਾਂ ਟੁੱਟਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਸ਼ਹਿਰ ਦੀ ਸਭ ਤੋਂ ਵੱਧ ਟਰੈਫਿਕ ਗੁਰੂ ਨਾਨਕ ਕਾਲਜ ਤੋਂ ਲੈ ਕੇ ਆਈਆਈਟੀ ਵਾਲੀ ਸੜਕ ‘ਤੇ ਹੁੰਦੀ ਹੈ ਪਰ ਇਸ ਸੜਕ ਦੀ ਹਾਲਤ ਕੱਚੇ ਰਸਤੇ ਤੋਂ ਵੱਧ ਮਾੜੀ ਬਣ ਚੁੱਕੀ ਹੈ। ਇਸ ਸੜਕ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੀਡੀਪੀਓ ਦਫਤਰ, ਟਰੱਕ ਯੂਨੀਅਨ, ਬੱਸ ਅੱਡਾ, ਸਦਰ ਥਾਣਾ ਅਤੇ ਪੰਜ ਹਜ਼ਾਰ ਵਿਦਿਆਰਥੀਆਂ ਦੀ ਗਿਣਤੀ ਵਾਲਾ ਗੁਰੂ ਨਾਨਕ ਕਾਲਜ ਪੈਂਦਾ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਛੋਟੇ ਵੱਡੇ ਵਾਹਨ ਲੰਘਦੇ ਹਨ। ਇਸੇ ਤਰ੍ਹਾਂ
ਵਿਧਾਨ ਸਭਾ ਦੇ ਪੂਰੇ ਖੇਤਰ ‘ਚ ਜਿਨ੍ਹਾਂ ਪ੍ਰਮੁੱਖ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਨ੍ਹਾਂ ਵਿੱਚ ਬੁਢਲਾਡਾ ਤੋਂ ਚੰਡੀਗੜ੍ਹ ਨੂੰ ਜੋੜਨ ਵਾਲੀ ਵਾਇਆ ਬੱਛੋਆਣਾ-ਸੁਨਾਮ, ਜ਼ਿਲ੍ਹਾ ਹੈੱਡਕੁਆਰਟਰ ਮਾਨਸਾ ਨੂੰ ਜੋੜਨ ਵਾਲੀ ਸੜਕ, ਭੀਖੀ ਵਾਇਆ ਬੀਰੋਕੇ ਕਲਾਂ, ਕੁਲਾਣਾ-ਸੈਦੇਵਾਲਾ, ਬਰੇਟਾ-ਬੋਹਾ, ਬਰੇਟਾ- ਬੁਢਲਾਡਾ ਵਾਇਆ ਧਰਮਪੁਰਾ ਸੜਕਾਂ ਸ਼ਾਮਲ ਹਨ। ਸੜਕਾਂ ਕਿਨਾਰੇ ਮਿੱਟੀ ਲਾਉਣ ਵਾਲੇ ਮੇਟਾਂ ਦੀਆਂ ਅਸਾਮੀਆਂ ਲਗਭਗ ਖਤਮ ਹੋ ਚੁੱਕੀਆਂ ਹਨ ਜਿਸ ਕਰਕੇ ਸੜਕਾਂ ਦੇ ਵਿਚਕਾਰ ਅਤੇ ਸੜਕਾਂ ਦੇ ਦੋਨੋਂ ਪਾਸੇ ਕੱਚੇ ਰਸਤਿਆਂ ਉੱਤੇ ਡੂੰਘੇ ਖੱਡੇ ਬਣੇ ਹੋਏ ਹਨ। ਇਹ ਡੂੰਘੇ ਖੱਡੇ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪੰਜਾਬ ‘ਚ ਨਵੀਂ ਸਰਕਾਰ ਨੂੰ ਹੋਂਦ ‘ਚ ਆਇਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਸੜਕਾਂ ਦੀ ਹਾਲਤ ਜਿਉਂ ਦੀ ਤਿਓਂ ਹੈ। ਹਲਕੇ ਅੰਦਰ ਨਵੀਂਆਂ ਸੜਕਾਂ ਤਾਂ ਕੀ ਬਣਾਉਣੀਆਂ ਸਨ ਪਹਿਲਾਂ ਬਣੀਆਂ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਇਹ ਵੀ ਟੁੱਟ ਰਹੀਆਂ ਹਨ ਅਤੇ ਲੋਕ ਪ੍ਰੇਸ਼ਾਨ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਨੂੰ ਬਣਾਇਆ ਜਾਵੇ।