ਬਿਜਲੀ ਦੀਆਂ ਬੇਤਰਤੀਬ ਤਾਰਾਂ ਤੋਂ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਜੁਲਾਈ
ਇੱਥੋਂ ਦੀ ਬਿੱਲਾਂ ਵਾਲੀ ਛੱਪੜੀ ਦੇ ਰਿਹਾਇਸ਼ੀ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਜਾਲ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਕਾਰਨ ਓਵਰਲੋਡ ਕਬਾੜ ਦੇ ਟਰੱਕਾਂ ਕਾਰਨ ਇਹ ਖ਼ਤਰਾ ਵਧਦਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਇਸ ਸਮੱਸਿਆ ਸਬੰਧੀ ਐੱਸਡੀਐੱਮ ਖੰਨਾ ਅਤੇ ਨਗਰ ਕੌਂਸਲ ਦੇ ਈਓ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਕਿਹਾ ਕਿ ਇਨ੍ਹਾਂ ਤਾਰਾਂ ਕਾਰਨ ਕਿਸੇ ਸਮੇਂ ਵੀ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕਰੈਪ ਗੁਦਾਮਾਂ ਦੇ ਮਾਲਕਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਉਨ੍ਹਾਂ ਦੀਆਂ ਸ਼ਿਕਾਇਤਾਂ ਅਣਦੇਖੀਆਂ ਕੀਤੀਆਂ ਜਾਂਦੀਆਂ ਹਨ। ਲੋਕਾਂ ਵੱਲੋਂ ਜਦੋਂ ਗੁਦਾਮ ਮਾਲਕਾਂ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਮੀਨ ’ਤੇ ਬਿਜਲੀ ਦੇ ਖੰਭੇ ਲਾਏ ਹੋਏ ਹਨ। ਇਸ ਸਬੰਧੀ ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਇਹ ਅਣਗਹਿਲੀ ਕਿਸੇ ਦੀ ਜਾਨ ਨੂੰ ਖ਼ਤਰੇ ਵਿਚ ਪਾ ਸਕਦੀ ਹੈ।
ਮਸਲਾ ਹੱਲ ਕੀਤਾ ਜਾਵੇਗਾ: ਈਓ
ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਜਿਸ ਦਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ।