ਖਿਆਲਾ ਕਲਾਂ ਵਿੱਚ ਸੜਕ ’ਤੇ ਖੜ੍ਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਮਾਨਸਾ, 4 ਜੂਨ
ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਖਿਆਲਾ ਕਲਾਂ ਦੇ ਗੰਦੇ ਪਾਣੀ ਨੇ ਮਾਨਸਾ-ਪਟਿਆਲਾ ਮੁੱਖ ਸੜਕ ਘੇਰ ਰੱਖੀ ਹੈ। ਇਸ ਸੜਕ ਤੋਂ ਦੋ ਪਹੀਆ ਵਾਹਨ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਆ ਰਹੀ ਹੈ। ਸਰਕਾਰੀ ਹਸਪਤਾਲ ਨੇੜੇ ਖੜ੍ਹੇ ਇਸ ਗੰਦੇ ਪਾਣੀ ਕਰਕੇ ਕਿਸੇ ਵੇਲੇ ਵੀ ਭਿਆਨਕ ਹਾਦਸਾ ਵਾਪਰਨ ਦਾ ਡਰ ਵੀ ਬਣ ਗਿਆ ਹੈ। ਪਿੰਡ ਮਲਕਪੁਰ ਦੇ ਲੋਕਾਂ ਨੇ ਦੱਸਿਆ ਕਿ ਖਿਆਲਾ ਕਲਾਂ ਦਾ ਇਹ ਪਾਣੀ ਪਿਛਲੇ ਕਈ ਮਹੀਨੇ ਤੋਂ ਸੜਕ ‘ਤੇ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਲੜਕੀਆਂ ਦੇ ਸਰਕਾਰੀ ਸਕੂਲ ਕੋਲ ਪੰਚਾਇਤੀ ਮੋਟਰ ਲੱਗੀ ਹੋਈ ਹੈ, ਪਰ ਪੰਚਾਇਤ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਪਿੰਡ ਦਾ ਇਹ ਗੰਦਾ ਪਾਣੀ ਰਸਤਿਆਂ ਤੇ ਸੜਕ ਉੱਪਰ ਹੀ ਫਿਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਨੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਬੱਸ ਸਟੈਂਡ, ਹਸਪਤਾਲ ਜਾਂ ਸਕੂਲ ਜਾਣਾ ਹੁੰਦਾ ਹੈ ਤਾਂ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਲੋਕਾਂ ਮੰਗ ਕੀਤੀ ਕਿ ਇਸਤੋਂ ਪਹਿਲਾਂ ਕੋਈ ਵੱਡਾ ਹਾਦਸਾ ਹੋਵੇ, ਜਿਸ ਲਈ ਇਸ ਪਾਣੀ ਦਾ ਕੋਈ ਹੱਲ ਕੀਤਾ ਜਾਵੇ। ਇਸੇ ਦੌਰਾਨ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਹਰਦੀਪ ਸ਼ਰਮਾ ਨੇ ਕਿਹਾ ਕਿ ਜਿੱਥੇ ਇਹ ਗੰਦਾ ਪਾਣੀ ਪ੍ਰੇਸ਼ਾਨੀਆਂ ਅਤੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ, ਉਸਦੇ ਨਾਲ ਹੀ ਇਹ ਗੰਦਾ ਪਾਣੀ ਵੱਡੇ ਪੱਧਰ ‘ਤੇ ਬਿਮਾਰੀਆਂ ਦਾ ਕਾਰਨ ਵੀ ਬਣੇਗਾ। ਬੀਡੀਪੀਓ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਆਦਾ ਮੀਂਹਾਂ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ ਅਤੇ ਅਚਾਨਕ ਮੋਟਰ ਖ਼ਰਾਬ ਹੋਣ ਕਾਰਨ ਇੱਕ ਦਿਨ ਪਾਣੀ ਖੜ੍ਹ ਗਿਆ, ਜਿਸ ਨੂੰ ਕਢਵਾਉਣ ਲਈ ਪੰਚਾਇਤ ਸਕੱਤਰ ਨੂੰ ਆਦੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਪਾਣੀ ਬਿਲਕੁਲ ਸਾਫ਼ ਹੋ ਜਾਵੇਗਾ।