For the best experience, open
https://m.punjabitribuneonline.com
on your mobile browser.
Advertisement

ਘੱਗਰ ਦਾ ਮੁੱਦਾ ਉਛਾਲ ਕੇ ਵੋਟਾਂ ਬਟੋਰਨ ਵਾਲਿਆਂ ਤੋਂ ਲੋਕ ਖ਼ਫ਼ਾ

07:13 AM May 06, 2024 IST
ਘੱਗਰ ਦਾ ਮੁੱਦਾ ਉਛਾਲ ਕੇ ਵੋਟਾਂ ਬਟੋਰਨ ਵਾਲਿਆਂ ਤੋਂ ਲੋਕ ਖ਼ਫ਼ਾ
ਘੱਗਰ ਦਰਿਆ ਦੀ ਮੂੰਹ ਬੋਲਦੀ ਤਸਵੀਰ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਮਈ
ਰਾਜਨੀਤਿਕ ਆਗੂ ਚੋਣਾਂ ਦੌਰਾਨ ਘੱਗਰ ਦੇ ਮੁੱਦੇ ਨੂੰ ਉਛਾਲ ਕੇ ਵੋਟਾਂ ਤਾਂ ਬਟੋਰ ਲੈਂਦੇ ਹਨ ਪਰ ਜਿੱਤਣ ਮਗਰੋਂ ਸਾਰ ਨਹੀਂ ਲੈਂਦੇ। ਘੱਗਰ ਦੇ ਨੇੜਲੇ ਪਿੰਡਾਂ ਵਿੱਚ ਵੱਸਦੇ ਲੋਕਾਂ ਨੂੰ ਹੜ੍ਹਾਂ ਦਾ ਕਹਿਰ ਆਪਣੇ ਪਿੰਡੇ ’ਤੇ ਹੰਡਾਉਣਾ ਪੈਂਦਾ ਹੈ। ਇਸ ਵਾਰ ਵੀ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ, ‘ਆਪ’ ਦੇ ਉਮੀਦਵਾਰ ਡਾ. ਬਲਵੀਰ ਸਿੰਘ, ਅਕਾਲੀ ਦਲ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਅਤੇ ਡਾ. ਧਰਮਵੀਰ ਗਾਂਧੀ ਵੱਲੋਂ ਘੱਗਰ ਨੂੰ ਚੋਣ ਮੁੱਦਾ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਜੂਨ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਨੂੰ ਘਰੋਂ ਬੇਘਰ ਹੋਣ ਦੇ ਨਾਲ-ਨਾਲ ਫ਼ਸਲੀ ਬਰਬਾਦੀ ਤੇ ਜਾਨੀ ਮਾਲੀ ਨੁਕਸਾਨ ਝੱਲਣਾ ਪਿਆ ਹੈ ਜਦੋਂਕਿ ਘੱਗਰ ਦਾ ਸਥਾਈ ਹੱਲ ਕਰਵਾਉਣ ਦੇ ਵਾਅਦੇ ਕਰਕੇ ਕਈ ਰਾਜਨੀਤਿਕ ਆਗੂ ਸੰਸਦ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ ਪਰ ਵੋਟਰ ਘੱਗਰ ਦੀ ਮਾਰ ਤੋਂ ਨਿਜਾਤ ਨਹੀਂ ਪਾ ਸਕੇ।
ਹਲਕਾ ਸ਼ੁਤਰਾਣਾ ਦਾ ਪਿੰਡ ਮਰੋੜੀ, ਮਰਦਦੈਹੜੀ, ਹਰਚੰਦਪੁਰਾ, ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਆਰਕਾ ਪਰ ਊਜਾਂ, ਸਿਉਨਾ, ਕਾਠ, ਸੁਧਾਰਨਪੁਰ, ਅਰਨੇਟੂ ਡੇਰਾ ਝੀਲ, ਡੇਰਾ ਬੀਕਾਨੇਰੀਆਂ, ਕਰਤਾਰਪੁਰ, ਸ਼ੁਤਰਾਣਾ, ਗੁਲਾੜ੍ਹ ਤੇ ਜੋਗੇਵਾਲ ਆਦਿ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਸੀ ‘ਤੁਸੀਂ ਕਾਂਗਰਸ ਚੱਕ ਦਿਓ, ਉਹ ਘੱਗਰ ਚੁੱਕ ਦੇਵੇਗਾ’, ਜਿੱਤਣ ਤੋਂ ਬਾਅਦ ਉਨ੍ਹਾਂ ਇਹ ਮੁੱਦਾ ਵਿਸਾਰ ਦਿੱਤਾ। ਇੰਜ ਹੀ ਪ੍ਰਨੀਤ ਕੌਰ ਚਾਰ ਵਾਰ ਸੰਸਦ ਮੈਂਬਰ ਤੇ ਇਕ ਵਾਰ ਕੇਂਦਰ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਵੱਲੋਂ ਸਿਰਫ ਇੱਕ ਵਾਰ ਘੱਗਰ ਨੂੰ ਖਨੌਰੀ ਕੋਲੋਂ ਚੌੜਾ ਕਰਨ ਲਈ 140 ਕਰੋੜ ਰੁਪਏ ਦੀ ਗਰਾਂਟ ਲਿਆਂਦੀ ਗਈ ਸੀ। ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਡਾ. ਧਰਮਵੀਰ ਗਾਂਧੀ ਦਾ ਦਾਅਵਾ ਸੀ ਕਿ ਜਿੱਤਣ ਮਗਰੋਂ ਉਨ੍ਹਾਂ ਦਾ ਮੁੱਖ ਮਕਸਦ ਘੱਗਰ ਦਾ ਹੱਲ ਕਰਾਉਣਾ ਹੋਵੇਗਾ ਪਰ ਉਹ ਹੁਣ ਪੂਰਾ ਨਹੀਂ ਹੋਇਆ। ਲੋਕਾਂ ਦਾ ਦੋਸ਼ ਹੈ ਕਿ ਘੱਗਰ ਦੇ ਬੰਨ੍ਹੇ ਮਜ਼ਬੂਤ ਕਰਨ ਦੇ ਨਾਂ ’ਤੇ ਕਰੋੜਾਂ ਰੁਪਏ ਇੱਧਰ ਉੱਧਰ ਹੋ ਜਾਂਦੇ ਹਨ। ਇਸ ਵਾਰ ਵੀ ਘੱਗਰ ਦੇ ਬੰਨ੍ਹਿਆਂ ਦੀ ਮਜ਼ਬੂਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ।
ਪਿੰਡ ਅਰਨੇਟੂ ਦੇ ਲੋਕਾਂ ਦਾ ਕਹਿਣਾ ਹੈ ਕਿਹਾ ਕਿ ਘੱਗਰ ਦਰਿਆ ਦਾ ਇੱਕ ਕਿਨਾਰਾ ਹੜ੍ਹ ਵਿੱਚ ਵਹਿ ਜਾਣ ਕਾਰਨ ਪਿੰਡ ਨੂੰ ਹੜ੍ਹ ਦੀ ਬੁਰੀ ਮਾਰ ਝੱਲਣੀ ਪਈ ਹੈ। ਗਰੀਬਾਂ ਦੇ ਮਕਾਨ ਤੇ ਪਸ਼ੂ ਰੁੜ੍ਹ ਗਏ ਸਨ ਜਿਨ੍ਹਾਂ ਦਾ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਣ ਦਾ ਦਾਅਵਾ ਕੀਤਾ ਸੀ।
ਪਿੰਡਾਂ ਨੂੰ ਅਤੇ ਸਬ ਡਿਵੀਜ਼ਨ ਪਾਤੜਾਂ ਨਾਲ ਜੋੜਨ ਵਾਲੀਆਂ ਸੜਕਾਂ ਦੇ ਹੜ੍ਹਾਂ ਵਿੱਚ ਰੁੜ੍ਹ ਜਾਣ ਬੁਰਾ ਹਾਲ ਹੈ। ਮਕਾਨਾਂ ਵਿੱਚ ਪਈਆਂ ਤਰੇੜਾਂ ਅਤੇ ਖਰਾਬ ਹੋਏ ਟਿਊਬਵੈੱਲਾਂ ਦੇ ਬੋਰ ਹੜ੍ਹ ਦੀ ਦਾਸਤਾਨ ਨੂੰ ਬਿਆਨ ਕਰਦੇ ਹਨ। ਘੱਗਰ ਬੈਲਟ ਵਿੱਚ ਵੱਸਦੇ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਨਾਲ ਬਰਬਾਦ ਹੋਈਆਂ ਜ਼ਮੀਨਾਂ ਉਨ੍ਹਾਂ ਨੂੰ ਪੱਲਿਉਂ ਪੈਸੇ ਖਰਚ ਕਰ ਕੇ ਪੱਧਰੀਆਂ ਕਰਨੀਆਂ ਪਈਆਂ ਹਨ।

Advertisement

Advertisement
Author Image

Advertisement
Advertisement
×