ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਖ਼ਫ਼ਾ
ਪੱਤਰ ਪ੍ਰੇਰਕ
ਮਜੀਠਾ, 23 ਜੁਲਾਈ
ਕੱਥੂਨੰਗਲ ਡਰੇਨ ਦੀ ਸਫ਼ਾਈ ਨਾ ਹੋਣ ਕਰ ਕੇ ਬਰਸਾਤੀ ਪਾਣੀ ਨਾਲ ਫ਼ਸਲਾਂ ਦੇ ਨੁਕਸਾਨ ਅਤੇ ਪੁਲ ਸਣੇ ਸੜਕ ਉੱਪਰ ਪਾਣੀ ਆਉਣ ਕਾਰਨ ਪਿੰਡ ਵਾਸੀਆਂ, ਸਕੂਲੀ ਬੱਚਿਆਂ ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਲਖਬੀਰ ਸਿੰਘ ਤਤਲਾ, ਜ਼ੋਨ ਜਰਨਲ ਸਕੱਤਰ ਗੁਰਬਾਜ ਸਿੰਘ ਭੁੱਲਰ, ਮਹਿੰਦਰ ਸਿੰਘ ਕੰਥੂਨੰਗਲ ਨੇ ਸਾਥੀਆਂ ਸਣੇ ਡਰੇਨ ’ਚ ਫਸੀ ਬੂਟੀ ਕੱਢ ਕੇ ਪਾਣੀ ਦੇ ਵਹਾਅ ਨੂੰ ਚਲਾਇਆ। ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਕਿਹਾ ਕਿ ਪ੍ਰਸ਼ਾਸਨ ਡਰੇਨਾਂ ਦੀ ਸਫ਼ਾਈ ਕਰਵਾਉਣ ਦੀ ਬਜਾਇ ਨਿਰੀਖਣ ਕਰਨ ਤੱਕ ਹੀ ਸੀਮਤ ਰਿਹਾ। ਇਸ ਵਾਰ ਮਜੀਠਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਹੁਣ ਕਿਸਾਨ ਤੇ ਆਮ ਲੋਕ ਭੁਗਤ ਰਹੇ ਹਨ।
ਇਸੇ ਦੌਰਾਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਡਰੇਨੇਜ਼ ਵਿਭਾਗ, ਮਾਲ ਵਿਭਾਗ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਣੇ ਮਜੀਠਾ ਨਜ਼ਦੀਕ ਡਰੇਨਾਂ ਤੇ ਕਰੀਬ 300 ਏਕੜ ਬਰਸਾਤ ਦੇ ਪਾਣੀ ਨਾਲ ਨਸ਼ਟ ਹੋਈ ਝੋਨੇ ਦੀ ਫ਼ਸਲ ਦਾ ਜਾਇਜ਼ਾ ਲਿਆ। ਸ੍ਰੀ ਔਜਲਾ ਨੇ ਕੇਂਦਰ ਸਰਕਾਰ ਪਾਸੋਂ 20 ਹਜ਼ਾਰ ਕਰੋੜ ਰੁਪਏ ਹੜ੍ਹ ਰਾਹਤ ਪੈਕੇਜ ਦੀ ਮੰਗ ਵੀ ਕੀਤੀ।