ਐਲਗਰਾਂ ਪੱਕੇ ਪੁਲ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ’ਚ ਰੋਸ
ਬਲਵਿੰਦਰ ਰੈਤ
ਨੂਰਪੁਰ ਬੇਦੀ, 3 ਫਰਵਰੀ
ਨੂਰਪੁਰ ਬੇਦੀ ਤੋਂ ਨੰਗਲ ਬਰਾਸਤਾ ਕਲਵਾਂ ਮੌੜ, ਭਲਾਣ ਮੇਨ ਸੜਕ ’ਤੇ ਪੈਂਦੇ ਐਲਗਰਾਂ ਨਜ਼ਦੀਕ ਸੁਆਂ ਨਦੀ ’ਤੇ ਬਣਿਆ ਪੱਕਾ ਪੁਲ ਨਾਜਾਇਜ਼ ਖਣਨ ਕਾਰਨ ਨੁਕਸਾਨੇ ਜਾਣ ਕਰ ਕੇ ਤਿੰਨ ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਲੋਕ ਨਿਰਮਾਣ ਵਿਭਾਗ ਵੱਲੋਂ ਕੰਮ ਸ਼ੁਰੂ ਨਾ ਹੋਣ ਕਰ ਕੇ ਸਥਾਨਕ ਲੋਕਾਂ ਵਿੱਚ ਰੋਸ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਇਹ ਕਿਲੋਮੀਟਰ ਪੱਕਾ ਪੁਲ ਸਾਲ 2001 ’ਚ ਆਵਾਜਾਈ ਲਈ ਚਾਲੂ ਕੀਤਾ ਗਿਆ ਸੀ। ਲੰਬੇ ਸਮੇਂ ਤੋਂ ਸੁਆਂ ਨਦੀ ਵਿੱਚ ਖਣਨ ਮਾਫੀਆ ਵੱਲੋਂ ਨਾਜਾਇਜ਼ ਖਣਨ ਕੀਤੀ ਜਾ ਰਹੀ ਸੀ ਤੇ ਖਣਨ ਮਾਫੀਆ ਨੇ ਪੁਲ ’ਤੇ ਪਿੱਲਰਾਂ ਨਜ਼ਦੀਕ ਡੂੰਘੀ ਖ਼ੁਦਾਈ ਕੀਤੀ ਸੀ ਜਿਸ ਨਾਲ ਪੁਲ ਦੇ ਕੁਝ ਪਿੱਲਰਾਂ ਨੂੰ ਨੁਕਸਾਨ ਪੁੱਜਾ ਸੀ। ਸਬੰਧਤ ਵਿਭਾਗ ਨੇ ਹਾਦਸੇ ਦੇ ਡਰੋਂ ਪੁਲ ਬੰਦ ਕਰ ਦਿੱਤਾ ਸੀ। ਨਦੀ ’ਤੇ ਕਰੱਸ਼ਰ ਮਾਲਕਾਂ ਵੱਲੋਂ ਆਰਜ਼ੀ ਪੁਲ ਪਾਇਆ ਗਿਆ ਹੈ। ਪਿੱਛਲੇ ਦਿਨੀਂ ਪਏ ਮੀਂਹ ਕਾਰਨ ਨਦੀ ’ਤੇ ਬਣਾਇਆ ਆਰਜ਼ੀ ਰਸਤਾ ਖ਼ਰਾਬ ਹੋਣ ਕਾਰਨ ਦਿੱਕਤ ਆਈ। ਲੋਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਪੁਲ ਦਾ ਕੰਮ ਜਲਦੀ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।
ਪੁਲ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ: ਐਸਡੀਓ
ਪੀਡਬਲਯੂਡੀ ਵਿਭਾਗ ਦੇ ਐਸਡੀਓ ਵਿਵੇਕ ਦੁਰੇਜਾ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇੰਜਨੀਅਰਾਂ ਦੀ ਟੀਮ ਨੇ ਨੁਕਸਾਨੇ ਗਏ ਪੁਲ ਦਾ ਨਿਰੀਖਣ ਕਰ ਕੇ ਪਰਪੋਜ਼ਲ ਤਿਆਰ ਕਰ ਕੇ ਭੇਜ ਦਿੱਤੀ ਹੈ ਤੇ 20 ਦਿਨ ਵਿੱਚ ਫੰਡ ਆਉਣ ਉਮੀਦ ਹੈ, ਜਲਦੀ ਪੁੱਲ ਦੇ ਪਿੱਲਰਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ: ਬੈਂਸ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀਆਂ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਸਰਕਾਰਾਂ ਦੇ ਰਾਜਕਾਲ ਸਮੇਂ ਖਣਨ ਮਾਫੀਆ ਵੱਲੋਂ ਨੁਕਸਾਨੇ ਐਲਗਰਾਂ ਪੁਲ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।