ਸ਼ਿਵਲਿੰਗ ਦੀ ਭੰਨ-ਤੋੜ ਖ਼ਿਲਾਫ਼ ਰੋਹ ਵਿੱਚ ਆਏ ਲੋਕ
ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਅਗਸਤ
ਇਥੋਂ ਦੇ ਪੁਰਾਤਨ ਸ਼ਿਵਪੁਰੀ ਮੰਦਰ ਵਿੱਚ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਨਾਲ ਨਾਲ ਸ਼ਿਵਲਿੰਗ ਦੀ ਭੰਨ੍ਹ ਤੋੜ ਕੀਤੀ ਗਈ। ਇਸ ਘਟਨਾ ਦਾ ਕੱਲ੍ਹ ਸਵੇਰੇ ਹੀ ਪਤਾ ਲੱਗਣ ’ਤੇ ਸਮੁੱਚੇ ਖੰਨਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਰੋਸ ਦੀ ਲਹਿਰ ਦੌੜ ਗਈ। ਚੋਰਾਂ ਦੀ ਸਾਰੀ ਕਾਰਵਾਈ ਮੰਦਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਪ੍ਰਧਾਨ ਅਨੁਸਾਰ ਕਰੀਬ 25 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟੀ ਗਈ ਹੈ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ ਜਥੇਬੰਦੀਆਂ ਨੇ ਰੋਸ ਵਜੋਂ ਸ਼ਹਿਰ ਦਾ ਸਾਰਾ ਬਾਜ਼ਾਰ ਬੰਦ ਕਰਵਾ ਕੇ ਕਰੀਬ 11 ਜਰਨੈਲੀ ਸੜਕ ਅਤੇ ਲਿੰਕ ਸੜਕਾਂ ਜਾਮ ਕਰ ਦਿੱਤੀਆਂ। ਲੋਕਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੁਧਿਆਣਾ-ਦਿੱਲੀ ਜਾਣ ਵਾਲੀਆਂ ਸੜਕਾਂ ’ਤੇ ਕਈ ਕਿਲੋਮੀਟਰ ਤੱਕ ਵੱਡਾ ਜਾਮ ਲੱਗ ਗਿਆ ਅਤੇ ਬੱਸਾਂ, ਟਰੱਕਾਂ ਤੇ ਹੋਰ ਵਾਹਨ ਵਾਲਿਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਧਰਨਾ ਸਾਢੇ ਪੰਜ ਘੰਟੇ ਚੱਲਿਆ ਅਤੇ ਆਖਰ ਡੀਆਈਜੀ ਲੁਧਿਆਣਾ ਰੇਂਜ ਧੰਨਪ੍ਰੀਤ ਕੌਰ ਨੇ ਭਰੋਸਾ ਦਿਵਾਇਆ ਕਿ ਅਗਲੇ 3 ਦਿਨਾਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਿਸ ਉਪਰੰਤ ਸ਼ਾਮ ਪੰਜ ਵਜੇ ਜਥੇਬੰਦੀਆਂ ਨੇ ਧਰਨਾ ਖਤਮ ਕਰਕੇ ਜਾਮ ਖੋਲ੍ਹਿਆ।