ਮੁਹਾਲੀ ਦਾ ਕੂੜਾ ਰੁੜਕਾ ਦੀ ਜੂਹ ’ਚ ਸੁੱਟਣ ਤੋਂ ਲੋਕ ਖ਼ਫ਼ਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 22 ਨਵੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪਿੰਡ ਰੁੜਕਾ ਦੀ ਜੂਹ ਵਿੱਚ ਸ਼ਹਿਰ ਦਾ ਕੂੜਾ ਦਾ ਸੁੱਟਣ ਲਈ ਆਬਾਦੀ ਨੇੜੇ ਡੰਪਿੰਗ ਗਰਾਊਂਡ ਦਾ ਮਾਮਲਾ ਭਖ ਗਿਆ ਹੈ। ਪਿੰਡ ਵਾਸੀਆਂ ਨੇ ਲੋਕਾਂ ਦੇ ਘਰਾਂ ਨੇੜੇ ਠੇਕੇਦਾਰ ਵੱਲੋਂ ਬਣਾਏ ਜਾ ਰਹੇ ਡੰਪਿੰਗ ਗਰਾਊਂਡ ਦਾ ਕੰਮ ਰੋਕ ਦਿੱਤਾ ਹੈ। ਨਵੀਂ ਸਰਪੰਚ ਕਿਰਨਦੀਪ ਕੌਰ, ਸਾਬਕਾ ਸਰਪੰਚ ਹਰਜੀਤ ਸਿੰਘ ਢਿੱਲੋਂ ਅਤੇ ਨੰਬਰਦਾਰ ਹਰਕਮਲਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕਰ ਕੇ ਸ਼ਹਿਰ ਦਾ ਕੂੜਾ ਉਨ੍ਹਾਂ ਦਾ ਘਰਾਂ ਨੇੜੇ ਸੁੱਟਣ ਤੋਂ ਰੋਕਣ ਦੀ ਮੰਗ ਕੀਤੀ। ਵਿਧਾਇਕ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਗਮਾਡਾ ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕਰਵਾਉਣਗੇ। ਇਸੇ ਦੌਰਾਨ ਪਿੰਡ ਵਾਸੀਆਂ ਨੇ ਡੀਸੀ ਮੁਹਾਲੀ ਆਸ਼ਿਕਾ ਜੈਨ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਵੀ ਪੱਤਰ ਲਿਖਿਆ ਹੈ।
ਸਾਬਕਾ ਸਰਪੰਚ ਹਰਜੀਤ ਸਿੰਘ ਢਿੱਲੋਂ, ਨੰਬਰਦਾਰ ਹਰਕਮਲਜੀਤ ਸਿੰਘ, ਰਮੇਸ਼ ਕੁਮਾਰ, ਜੰਗ ਸਿੰਘ, ਲਖਵਿੰਦਰ ਸਿੰਘ, ਨਾਜਰ ਸਿੰਘ, ਦਿਲਬਰ ਸਿੰਘ ਅਤੇ ਗੁਰਚਰਨ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਗਮਾਡਾ ਘਰਾਂ ਦੇ ਬਿਲਕੁਲ ਨੇੜੇ ਸ਼ਹਿਰ ਦਾ ਕੂੜਾ ਸੁੱਟਣ ਜਾ ਰਿਹਾ ਹੈ। ਇਸ ਸਬੰਧੀ ਠੇਕੇਦਾਰ ਨੇ ਪਿੰਡ ਦੀ ਜੂਹ ਵਿੱਚ ਡੰਪਿੰਗ ਗਰਾਊਂਂਡ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਫ਼ਿਲਹਾਲ ਪਿੰਡ ਵਾਸੀਆਂ ਨੇ ਉਸਾਰੀ ਦਾ ਕੰਮ ਰੋਕ ਦਿੱਤਾ ਹੈ ਪਰ ਠੇਕੇਦਾਰ ਵੱਲੋਂ ਉੱਥੋਂ ਸਰੀਆ ਅਤੇ ਹੋਰ ਸਾਮਾਨ ਨਹੀਂ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਜਿਸ ਥਾਂ ਕੂੜਾ ਸੁੱਟਣ ਦੀ ਤਿਆਰੀ ਹੈ, ਉੱਥੋਂ ਗੰਦੇ ਪਾਣੀ ਦੀ ਨਿਕਾਸੀ ਦਾ ਨਾਲਾ ਲੰਘਦਾ ਹੈ। ਜੇ ਡੰਪਿੰਗ ਗਰਾਊਂਂਡ ਦੀ ਕੰਧ ਬਣਾ ਦਿੱਤੀ ਗਈ ਤਾਂ ਗੰਦੇ ਪਾਣੀ ਦੀ ਨਿਕਾਸੀ ਰੁਕ ਜਾਵੇਗੀ। ਉਂਜ ਵੀ ਇੱਥੇ ਨੇੜੇ ਹੀ ਗੁਰਦੁਆਰਾ ਵੀ ਹੈ।
ਸਾਬਕਾ ਸਰਪੰਚ ਢਿੱਲੋਂ ਅਤੇ ਹੋਰਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗਮਾਡਾ ਨੇ ਪਿੰਡ ਵਾਸੀਆਂ ਨੂੰ ਅਗਾਊਂ ਸੂਚਨਾ ਵੀ ਨਹੀਂ ਦਿੱਤੀ ਜਦੋਂਕਿ ਨਿਯਮਾਂ ਤਹਿਤ ਪਹਿਲਾਂ ਜਨਤਕ ਸੂਚਨਾ ਦੇਣੀ ਚਾਹੀਦੀ ਸੀ ਅਤੇ ਲੋਕਾਂ ਦੇ ਇਤਰਾਜ਼ ਲੈਣੇ ਚਾਹੀਦੇ ਸਨ ਪਰ ਠੇਕੇਦਾਰ ਨੇ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਸ਼ਹਿਰ ਦਾ ਕੂੜਾ ਸੁੱਟਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ, ਉੱਥੇ ਮੱਖੀਆਂ/ਮੱਛਰ ਪੈਦਾ ਹੋਣ ਨਾਲ ਪਿੰਡ ਵਿੱਚ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੇ ਘਰਾਂ ਨੇੜੇ ਕੂੜਾ ਸੁੱਟਣ ਦਾ ਮਤਾ ਰੱਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਡੰਪਿੰਗ ਗਰਾਊਂਂਡ ਦਾ ਕੰਮ ਬੰਦ ਨਹੀਂ ਕੀਤਾ ਗਿਆ ਤਾਂ ਪਿੰਡ ਵਾਸੀ ਲੜੀਵਾਰ ਧਰਨਾ ਲਗਾਉਣ ਤੋਂ ਗੁਰੇਜ਼ ਨਹੀਂ ਕਰਨਗੇ।