‘ਆਪ’ ਤੋਂ ਨਾਰਾਜ਼ ਲੋਕਾਂ ਨੇ ਸਰਕਾਰ ਖ਼ਿਲਾਫ਼ ਪੋਸਟਰ ਲਾਏ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 12 ਨਵੰਬਰ
ਇੱਥੋਂ ਦੇ ਵਾਰਡ ਨੰਬਰ 14 ਦੀ ਦਰਬਾਰ ਸਾਹਿਬ ਵਾਲੀ ਗਲੀ ਵਿੱਚ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜ ਕਰਵਾਏ ਜਾਣ ਦੇ ਦਾਅਵਿਆਂ ਦੀ ਉਸ ਵੇਲੇ ਫੂਕ ਕੱਢ ਦਿੱਤੀ ਜਦੋਂ ਸਰਕਾਰ ਦੇ ਕੰਮਾਂ ਤੋਂ ਦੁਖੀ ਹੋ ਕੇ ਸਰਕਾਰ ਵਿਰੁੱਧ ਜੰਡਿਆਲਾ ਗੁਰੂ ਦੀਆਂ ਗਲੀਆਂ ਵਿੱਚ ਪੋਸਟਰ ਲਗਾ ਦਿੱਤੇ ਜਿਸ ਵਿੱਚ ਵੋਟਾਂ ਮੰਗਣ ਲਈ ਨਾ ਆਉਣ ਬਾਰੇ ਕਿਹਾ ਗਿਆ ਹੈ।ਗਲੀ ਦਰਬਾਰ ਸਾਹਿਬ ਵਾਲੀ ਦੇ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੀਵਰੇਜ ਦਾ ਕੰਮ ਬੀਤੇ ਲਗਪਗ ਸੱਤ ਅੱਠ ਮਹੀਨੇ ਪਹਿਲਾਂ ਸ਼ੁਰੂ ਕਰਦਿਆਂ ਗਲੀਆਂ ਨੂੰ ਪੁੱਟਿਆ ਗਿਆ ਸੀ, ਜੋ ਉਸ ਸਮੇਂ ਤੋਂ ਹੀ ਹੁਣ ਤੱਕ ਕੰਮ ਰੁਕਿਆ ਹੋਇਆ ਹੈ ਅਤੇ ਗਲੀਆਂ ਪੁੱਟੀਆਂ ਹੋਣ ਕਾਰਨ ਉੱਥੇ ਰਹਿਣ ਵਾਲੇ ਵਸਨੀਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਬਰਸਾਤ ਦਾ ਪਾਣੀ ਘਰਾਂ ਦੀਆਂ ਨੀਂਹਾਂ ਵਿੱਚ ਜਾ ਰਿਹਾ ਹੈ। ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਉਨ੍ਹਾਂ ਦੀ ਇਸ ਵਾਰਡ ਦੇ ਕੌਂਸਲਰ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਖੁਦ ਆਪ ਹੀ ਹਨ ਪਰ ਉਹ ਬੀਤੇ ਚਾਰ ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ ਅਤੇ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਬਰਸਾਤਾਂ ਦੇ ਮੌਸਮ ਕਾਰਨ ਇਨ੍ਹਾਂ ਪੁੱਟੀਆਂ ਹੋਈਆਂ ਗਲੀਆਂ ਵਿੱਚ ਟੋਏ ਪੈ ਹਨ, ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਭਰ ਗਿਆ ਹੈ ਤੇ ਉਥੋਂ ਲੰਘਣ ਵਾਲੀ ਇੱਕ ਔਰਤ ਦੀ ਟੋਏ ਵਿੱਚ ਡਿੱਗਣ ਕਾਰਨ ਬਾਂਹ ਟੁੱਟ ਗਈ ਹੈ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਮੁੜ ਮੀਂਹ ਪੈਣ ਤੋਂ ਬਾਅਦ ਇਸ ਦੀ ਹਾਲਤ ਹੋਰ ਖਸਤਾ ਹੋ ਜਾਵੇਗੀ ਜਿਸ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾਵੇ।
ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇਗਾ: ਐੱਸਡੀਓ
ਨਗਰ ਕੌਂਸਲ ਦੇ ਐੱਸਡੀਓ ਗਗਨਦੀਪ ਸਿੰਘ ਅਤੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ ਸਰਕਾਰ ਵੱਲੋਂ ਵਿਕਾਸ ਕੰਮਾਂ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਮੁੜ ਕੰਮਾਂ ਦੀ ਇਜਾਜ਼ਤ ਮਿਲਣ ਵਿੱਚ ਹੋਈ ਦੇਰੀ ਕਾਰਨ ਇਹ ਕੰਮ ਲਟਕ ਗਿਆ ਹੈ ਪਰ ਹੁਣ ਸਰਕਾਰ ਵੱਲੋਂ ਵਿਕਾਸ ਕੰਮਾਂ ਵਾਸਤੇ ਇਜਾਜ਼ਤ ਮਿਲ ਗਈ ਹੈ ਅਤੇ ਇੱਕ ਦੋ ਦਿਨਾਂ ਵਿੱਚ ਹੀ ਇਸ ਗਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਕੇ ਜਲਦੀ ਮੁਕੰਮਲ ਕਰ ਦਿੱਤਾ ਜਾਵੇਗਾ।