ਸਤਲੁਜ ਦੇ ਧੁੱਸੀ ਬੰਨ੍ਹ ਤੋਂ ਮਿੱਟੀ ਚੁੱਕਣ ਕਾਰਨ ਭੜਕੇ ਲੋਕ
ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 2 ਅਕਤੂਬਰ
ਪਿੰਡ ਭੈਣੀ ਨੇੜੇ ਸਤਲੁਜ ਦਰਿਆ ’ਤੇ ਬਣੇ ਧੁੱਸੀ ਬੰਨ੍ਹ ਤੋਂ ਡਰੇਨੇਜ ਵਿਭਾਗ ਦੇ ਠੇਕੇਦਾਰ ਵੱਲੋਂ ਬੰਨ੍ਹ ਨੂੰ ਇਕਸਾਰ ਕਰਨ ਦੇ ਮਕਸਦ ਨਾਲ ਮਿੱਟੀ ਪੁੱਟਣ ਦੇ ਮਾਮਲੇ ਵਿੱਚ ਲੋਕ ਰੋਹ ਭਖ ਗਿਆ ਹੈ। ਬੰਨ੍ਹ ਬਚਾਓ ਕਮੇਟੀ ਨੇ ਠੇਕੇਦਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਬੰਨ੍ਹ ਉਪਰ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ। ਇਸ ਧਰਨੇ ਦਾ ਪਤਾ ਲੱਗਦਿਆਂ ਸਾਰ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਮਨਾਉਣ ਦੇ ਯਤਨ ਆਰੰਭ ਦਿੱਤੇ ਹਨ। ਇਸ ਰੋਸ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋ ਗਈਆਂ ਹਨ। ਪਿੰਡ ਭੈਣੀ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਬਲਦੇਵ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ 1993 ਵਿੱਚ ਸਤਲੁਜ ਵਿੱਚ ਆਏ ਹੜ੍ਹਾਂ ਨਾਲ ਪਿੰਡ ਭੈਣੀ ਕੋਲੋਂ ਬੰਨ੍ਹ ’ਚ ਪਾੜ ਪੈ ਗਿਆ ਸੀ। ਉਸ ਵੇਲੇ ਬੰਨ੍ਹ ’ਚ 500 ਫੁੱਟ ਦੇ ਕਰੀਬ ਨਵਾਂ ਰਿੰਗ ਬੰਨ੍ਹ ਬਣਾਇਆ ਗਿਆ ਸੀ। ਪਿੰਡ ਲੋਕਾਂ ਨੇ ਮਿੱਟੀ ਪਾ ਕੇ ਇਸ ਬੰਨ੍ਹ ਨੂੰ ਮਜ਼ਬੂਤ ਕਰਕੇ 55 ਫੁੱਟ ਚੌੜਾ ਕੀਤਾ ਸੀ। ਸਰਕਾਰ ਨੇ ਇਸ ਬੰਨ੍ਹ ਨੂੰ ਇਕਸਾਰ ਕਰ ਕੇ ਇਸ ਦੀ ਚੌੜਾਈ 16 ਫੁੱਟੀ ਨਿਰਧਾਰਤ ਕਰ ਦਿੱਤੀ ਹੈ। ਡਰੇਨੇਜ ਵਿਭਾਗ ਵੱਲੋਂ ਬੰਨ੍ਹ ’ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਹੈ। ਠੇਕੇਦਾਰ ਵੱਲੋਂ ਬੰਨ੍ਹ ਦੇ ਦੋਹਾਂ ਪਾਸਿਆਂ ਤੋਂ ਮਿੱਟੀ ਚੁੱਕਾਈ ਜਾਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਪੁੱਟਣ ਨਾਲ ਬੰਨ੍ਹ ਕਮਜ਼ੋਰ ਹੋ ਜਾਵੇਗਾ ਅਤੇ ਉਹ ਮਿੱਟੀ ਨਹੀਂ ਚੁੱਕਣ ਦੇਣਗੇ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਨੂੰ ਜਾਂਦੇ ਬੰਨ੍ਹ ਉੱਪਰ ਬਣੇ ਘਾਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਮੰਡੀ ਵਿੱਚ ਝੋਨੇ ਲਿਜਾਣੀ ਮੁਸ਼ਕਲ ਹੋਵੇਗੀ।
ਠੇਕੇਦਾਰ ਨੂੰ ਮਿੱਟੀ ਚੁੱਕਣ ਤੋਂ ਰੋਕ ਦਿੱਤੇੈ: ਐਕਸੀਅਨ
ਡਰੇਨੇਜ ਵਿਭਾਗ ਦੀ ਐਕਸੀਅਨ ਰਵਨੀਤ ਕੌਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਰੋਹ ਨੂੰ ਦੇਖਦਿਆਂ ਠੇਕੇਦਾਰ ਨੂੰ ਬੰਨ੍ਹ ਦੀ ਉਕਤ ਥਾਂ ਤੋਂ ਮਿੱਟੀ ਚੁੱਕਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਬੰਨ੍ਹ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰ ਦਿੱਤੀ ਜਾਵੇਗੀ।