ਜ਼ਿਮਨੀ ਚੋਣਾਂ ਵਿੱਚ ‘ਆਪ’ ਦਾ ਵਿਰੋਧ ਕਰਨਗੇ ਪੈਨਸ਼ਨਰ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 4 ਨਵੰਬਰ
ਇੱਥੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਬਰਾਂ ਦੀ ਇਕੱਤਰਤਾ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਪੈਨਸ਼ਨਰਾਂ ਨੂੰ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਰਕਾਰ ਤੋਂ ਖ਼ਫ਼ਾ ਪੈਨਸ਼ਨਰਾਂ ਨੇ ਜ਼ਿਮਨੀ ਚੋਣਾਂ ਵਿੱਚ ‘ਆਪ’ ਦੇ ਵਿਰੋਧ ਦਾ ਫ਼ੈਸਲਾ ਕੀਤਾ।
ਇਸ ਮੌਕੇ ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਮੈਂਬਰ ਜਗਮੇਲ ਸਿੰਘ ਮਾਂਗਟ ਅਤੇ ਮੁਖਤਿਆਰ ਸਿੰਘ ਦੀ ਪਤਨੀ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਿਛਾਂਹ ਹਟਣ, ਮੰਗਾਂ ਸਬੰਧੀ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨਾ ਪੈਨਸ਼ਨਰਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਈ ਕੋਰਟ ਦੇ ਪੈਨਸ਼ਨਰ ਪੱਖੀ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਬੇਲੋੜੀ ਅੜਚਣਾਂ ਪੈਦਾ ਕਰਨਾ ਸਰਕਾਰ ਦੀ ਪੈਨਸ਼ਨਰ ਵਿਰੋਧੀ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਸਰਕਾਰ ਨੇ ਜਨਵਰੀ 2016 ਤੋਂ ਜੂਨ 2021 ਤੱਕ ਪੈਨਸ਼ਨ ਦੁਹਰਾਈ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਣਦੇ ਬਕਾਏ ਦੀ ਤੁਰੰਤ ਅਦਾਇਗੀ ਕਰਨ ਦੀ ਥਾਂ ਅਦਾਲਤ ਵਿਚ ਇਸ ਬਕਾਏ ਦੀ ਅਦਾਇਗੀ 2029-30 ਅਤੇ 2030-31 ਤੱਕ ਅਦਾ ਕਰਨਾ ਲਿਖ ਕੇ ਦਿੱਤਾ ਜਿਸ ਨੂੰ ਹਾਈ ਕੋਰਟ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੰਤ ਵਿਚ ਪੈਨਸ਼ਨਰਾਂ ਨੇ ਸਰਕਾਰ ਦੀਆਂ ਵਿਰੋਧੀ ਨੀਤੀਆਂ ਨੂੰ ਲੈ ਕੇ ਇਸ ਮਹੀਨੇ ਹੋਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ।